ਨਿਊਯਾਰਕ : ਮੋਬਾਈਲ ਬਣਾਉਣ ਵਾਲੀ ਚੀਨ ਦੀ ਕੰਪਨੀ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੇ ਉਤਪਾਦਾਂ 'ਚ ਇਸ ਤਰ੍ਹਾਂ ਦੇ ਜਾਸੂਸੀ ਉਪਕਰਣ ਲਗਾਏ ਹਨ ਜਿਹੜੇ ਇਸਤੇਮਾਲਕਰਤਾਵਾਂ ਦੀ ਗੱਲਬਾਤ ਅਤੇ ਮੈਸੇਜ ਨੂੰ ਉਸ ਦੇ ਕੋਲ ਭੇਜ ਦਿੰਦੇ ਹਨ। ਚੀਨ ਦੇ ਬਣੇ ਮੋਬਾਈਲ ਫੋਨ 'ਚ ਇਸ ਤਰ੍ਹਾਂ ਦੇ ਉਪਕਰਣ ਲੱਗੇ ਹੋਣ ਦਾ ਖੁਲਾਸਾ ਹਾਲੀਆ ਅਮਰੀਕਾ ਦੀ ਸਾਈਬਰ ਸਕਿਉਰਿਟੀ ਫਰਮ ਯਿਪਟੋਵਾਇਰ ਨੇ ਕੀਤਾ ਹੈ।


ਸ਼ੰਘਾਈ ਐਡਿਊਪਸ ਟੈਕਨਾਲੋਜੀ ਨੇ ਕਿਹਾ ਕਿ ਉਸ ਨੇ ਪ੍ਰਾਪਤ ਹੋਈ ਗੱਲਬਾਤ ਅਤੇ ਟੈਕਸਟ ਮੈਸੇਜ ਕਿਸੇ ਹੋਰ ਨਾਲ ਸਾਂਝਾ ਨਹੀਂ ਕੀਤੇ। ਇਸ ਦੇ ਲਈ ਸੁਰੱਖਿਆ ਅਤੇ ਗੁਪਤਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਪ੍ਰਮੁੱਖ ਮੋਬਾਈਲ ਫੋਨ ਬਰਾਂਡ ਚੀਨ 'ਚ ਆਪਣਾ ਮਾਲ ਤਿਆਰ ਕਰਾਉਂਦੇ ਹਨ।

ਅਮਰੀਕੀ ਕੰਪਨੀ ਯਿਪਟੋਵਾਇਰ ਨੇ ਕਿਹਾ ਸੀ ਕਿ ਜਾਸੂਸੀ ਕਰਨ ਦਾ ਇਹ ਉਪਕਰਣ ਐਂਡਰਾਇਡ ਫੋਨ ਬਣਾਉਣ ਵਾਲੀ ਕੰਪਨੀ ਵਲੋਂ ਲਗਾਇਆ ਗਿਆ ਹੈ। ਉਹ ਫੋਨ ਇਸਤੇਮਾਲ ਕਰਨ ਵਾਲੇ ਨਾਲ ਜੁੜੀਆਂ ਸੂਚਨਾਵਾਂ ਨੂੰ ਸ਼ੰਘਾਈ 'ਚ ਲੱਗੇ ਕੰਪਿਊਟਰ ਨੂੰ ਭੇਜ ਰਿਹਾ ਸੀ।
ਮੋਬਾਈਲ 'ਤੇ ਲੱਗਾ ਉਪਕਰਣ ਨਵੀਂ ਪ੍ਰੋਗਰਾਮਿੰਗ ਤੋਂ ਲੈ ਕੇ ਉਸ ਨੂੰ ਅਪਡੇਟ ਕੀਤੇ ਜਾਣ ਤਕ ਦੀਆਂ ਸੂਚਨਾਵਾਂ ਸ਼ੰਘਾਈ 'ਚ ਲੱਗੇ ਕੰਪਿਊਟਰ ਨੂੰ ਭੇਜ ਰਿਹਾ ਸੀ। ਇਹ ਕਿਸੇ ਵੀ ਐਂਟੀ ਵਾਇਰਸ ਨੂੰ ਧੋਖਾ ਦੇਣ 'ਚ ਸਮਰੱਥ ਹੈ ਜਿਸ ਨਾਲ ਇਸ ਨੂੰ ਫੜਿਆ ਜਾ ਸਕੇ ਅਤੇ ਨਾ ਹੀ ਨਕਾਰਾ ਕੀਤਾ ਜਾ ਸਕੇ। ਇਹ ਗੱਲਾਂ ਸਾਹਮਣੇ ਆਉਣ ਦੇ ਬਾਅਦ ਚੀਨੀ ਕੰਪਨੀ ਦੀ ਮਨਸ਼ਾ 'ਤੇ ਸਵਾਲ ਉੱਠਣ ਲੱਗੇ ਹਨ।

ਕਿ੍ਰਪੋਟਵਾਇਰ ਨੇ ਅਮਰੀਕਾ 'ਚ ਖਾਸੇ ਚਲਨ ਵਾਲੇ ਮੋਬਾਈਲ ਫੋਨ ਆਰ ਵਨ ਐਚਡੀ ਬਰਾਂਡ 'ਚ ਲੱਗੇ ਉਪਕਰਣ ਨੂੰ ਜਨਤਕ ਵੀ ਕੀਤਾ ਹੈ। ਇਸ ਬਰਾਂਡ ਦੇ ਫੋਨ ਭਾਰਤ 'ਚ ਵੀ ਵੇਚੇ ਗਏ ਹਨ। ਇਹ ਆਨਲਾਈਨ ਕੰਪਨੀਆਂ ਵਲੋਂ ਵੇਚੇ ਗਏ ਹਨ। ਇਹ ਸੂਚਨਾ ਆਉਣ ਦੇ ਬਾਅਦ ਅਮੇਜ਼ਨ ਨੇ ਅਮਰੀਕਾ 'ਚ ਇਨ੍ਹਾਂ ਫੋਨਾਂ ਦੀ ਵਿਕਰੀ ਰੋਕ ਦਿੱਤੀ ਹੈ।