ਨਵੀਂ ਦਿੱਲੀ: ਨੋਇਡਾ ਦੇ 14 ਸਾਲਾ ਬੱਚੇ ਨੇ ਅਜਿਹਾ ਮੋਬਾਈਲ ਐਪ ਬਣਾਇਆ ਹੈ, ਜਿਸ ਨਾਲ ਇੰਟਰਨੈੱਟ ਚਲਾਉਣ ਵਾਲੇ ਕਈ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਿਕਲ ਸਕਦਾ ਹੈ। ਮ੍ਰਿਗਾਂਕ ਪਾਵਾਗੀ ਨੇ 'ਵੈਬਮੀ' (Webme) ਨਾਂ ਦੀ ਮੋਬਾਈਲ ਐਪ ਬਣਾਈ ਹੈ, ਜੋ ਇੰਟਰਨੈੱਟ ਯੂਜ਼ਰਜ਼ ਨੂੰ ਗੇਮ ਰਾਹੀਂ ਇੰਟਰਨੈੱਟ ਸੁਰੱਖਿਆ ਬਾਰੇ ਦੱਸਦੀ ਹੈ।
ਗੂਗਲ ਨੇ ਇਸ ਇਨੋਵੇਸ਼ਨ ਲਈ ਮ੍ਰਿਗਾਂਕ ਨੂੰ ਸਨਮਾਨਤ ਕੀਤਾ ਹੈ। ਗੂਗਲ ਇੰਡੀਆ ਦੇ ਗੂਗਲ ਵੈਬ ਰੇਂਜਰਸ ਮੁਕਾਬਲੇ ਵਿੱਚ ਮ੍ਰਿਗਾਂਕ ਨੂੰ ਜੇਤੂ ਐਲਾਨਿਆ ਗਿਆ। ਇੰਟਰਨੈੱਟ ਸੁਰੱਖਿਆ ਸਬੰਧੀ ਖੋਜਾਂ ਜਾਂ ਪ੍ਰਾਜੈਕਟਸ ਨੂੰ ਉਤਸ਼ਾਹਤ ਕਰਨ ਲਈ ਗੂਗਲ ਇਸ ਮੁਕਾਬਲੇ ਨੂੰ 2015 ਤੋਂ ਕਰਵਾਉਂਦਾ ਆ ਰਿਹਾ ਹੈ।
ਜੇਤੂਆਂ ਨੂੰ ਗੂਗਲ ਇੰਡੀਆ ਵੱਲੋਂ ਇੱਕ ਟੈਬਲੇਟ ਤੇ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ। ਵੈਬਮੀ ਇੱਕ ਗੇਮ ਐਪ ਹੈ, ਜਿਸ ਨੂੰ ਖੇਡਦਿਆਂ ਹੋਇਆਂ ਕੋਈ ਵੀ ਇੰਟਰਨੈੱਟ ਦੀ ਸੁਰੱਖਿਆ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਮ੍ਰਿਗਾਂਕ ਪਾਵਾਗੀ ਨੋਇਡਾ ਦੇ ਵਿਸ਼ਵ ਭਾਰਤੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ।
ਪਾਵਾਗੀ ਨੇ ਕਿਹਾ ਕਿ ਜੋ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਉਹ ਇਸ ਦੀ ਸੁਰੱਖਿਅਤਾ ਬਾਰੇ ਜਾਣਕਾਰੀ ਨਹੀਂ ਰੱਖਦੇ। ਉਸ ਨੇ ਕਿਹਾ ਕਿ ਇੰਟਰਨੈੱਟ 'ਤੇ ਬਹੁਤ ਜਾਣਕਾਰੀ ਹੈ, ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਜਾਣਕਾਰੀਆਂ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਇੰਟਰਨੈੱਟ ਨੂੰ ਵਾਇਰਸ ਤੋਂ ਬਚਾਇਆ ਜਾਵੇ। ਮ੍ਰਿਗਾਂਕ ਨੇ ਇਹ ਐਪ 4-5 ਹਫਤਿਆਂ ਵਿੱਚ ਤਿਆਰ ਕੀਤਾ ਹੈ ਤੇ ਇਹ ਐਂਡ੍ਰੌਇਡ 'ਤੇ ਉਪਲਬਧ ਹੈ। ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਕੰਪਿਊਟਰ ਸਾਈਂਸ ਪੜ੍ਹਨਾ ਚਾਹੁੰਦਾ ਹੈ।