ਨਿਊਯਾਰਕ: ਦੁਨੀਆ ਵਿੱਚ ਸਾਈਬਰ ਅਪਰਾਧ ਵਧ ਰਿਹਾ ਹੈ। ਇਸ ਕਾਰਨ ਦੁਨੀਆ ਨੂੰ ਲੰਘੇ ਸਾਲ 39 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ। ਇਹ ਦਾਅਵਾ ਗਲੋਬਲ ਸਾਈਬਰ ਸਕਿਓਰਟੀ ਫਰਮ ਮੈਕਅਫੀ ਤੇ ਸੈਂਟਰ ਫਾਰ ਸਟੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਨੇ ਇਕਨੌਮਿਕ ਇੰਪੈਕਟ ਆਫ ਸਾਈਬਰ ਕ੍ਰਾਈਮ- ਨੋ ਸਲੋਅਇੰਗ ਡਾਊਨ ਨਾਮਕ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਸਾਈਬਰ ਕ੍ਰਾਈਮ ਵਿੱਚ ਰੂਸ ਸਭ ਤੋਂ ਅੱਗੇ ਹੈ। ਉੱਥੋਂ ਦੇ ਹੈਕਰ ਪੱਛਮੀ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਰੂਸ ਤੋਂ ਬਾਅਦ ਦੂਜੇ ਨੰਬਰ 'ਤੇ ਉੱਤਰੀ ਕੋਰੀਆ ਹੈ। 2017 ਵਿੱਚ ਦੁਨੀਆ ਭਰ ਵਿੱਚ ਹੋਏ ਵੰਨਾਕ੍ਰਾਈ ਰੈਨਸਮਵੇਅਰ ਸਾਈਬਰ ਹਮਲੇ ਦੀ ਜਾਂਚ ਵਿੱਚ ਉੱਤਰੀ ਕੋਰੀਆ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਸਾਈਬਰ ਅਪਰਾਧ ਵਿੱਚ ਬ੍ਰਾਜ਼ੀਲ, ਭਾਰਤ ਤੇ ਵੀਅਤਨਾਮ ਦਾ ਨਾਂ ਵੀ ਸ਼ਾਮਲ ਹੈ। ਚੀਨ ਸਾਈਬਰ ਜਾਸੂਸੀ ਵਿੱਚ ਅੱਵਲ ਹੈ। ਭਾਰਤ ਵਿੱਚ ਲੰਘੇ ਸਾਲ 53000 ਤੋਂ ਜ਼ਿਆਦਾ ਸਾਈਬਰ ਹਮਲੇ ਹੋਏ ਹਨ। ਇਨ੍ਹਾਂ ਵਿੱਚੋਂ 40 ਫੀਸਦੀ ਹਮਲਿਆਂ ਦਾ ਸ਼ਿਕਾਰ ਫਾਈਨਾਂਸ ਸੈਕਟਰ ਹੋਇਆ ਹੈ।