ਨਵੀਂ ਦਿੱਲੀ- ਭਾਰਤ ਸਰਕਾਰ ਨੇ ਸਾਰੇ ਬੈਂਕ ਖਾਤਿਆਂ ਤੇ ਖਾਸ ਵਿੱਤੀ ਲੈਣ ਦੇਣ ਵਾਸਤੇ ਆਧਾਰ ਕਾਰਡ ਅਤੇ ਪੈਨ (ਇਨਕਮ ਟੈਕਸ ਖਾਤਾ ਨੰਬਰ) ਲਾਜ਼ਮੀ ਕੀਤੇ ਜਾਣ ਦੀ ਮਿਆਦ ਤਿੰਨ ਮਹੀਨੇ ਹੋਰ ਵਧਾ ਕੇ 31 ਮਾਰਚ 2018 ਕਰ ਦਿੱਤੀ ਹੈ। ਜਦਕਿ ਪਹਿਲਾਂ ਮੌਜੂਦਾ ਬੈਂਕ ਖ਼ਾਤਿਆਂ ਨਾਲ ਆਧਾਰ ਕਾਰਡ ਨੂੰ ਜੋੜਨ ਲਈ ਪਹਿਲਾਂ ਸਮਾਂ ਹੱਦ 31 ਦਸੰਬਰ 2017 ਤੈਅ ਕੀਤੀ ਗਈ ਸੀ।
ਸਰਕਾਰੀ ਬਿਆਨ ਮੁਤਾਬਕ ‘ਬੈਂਕਾਂ ਤੋਂ ਮਿਲੀ ਜਾਣਕਾਰੀ ਤੇ ਇਤਰਾਜ਼ਾਂ ਉਤੇ ਵਿਚਾਰ ਕਰਨ ਤੋਂ ਬਾਅਦ’ ਇਹ ਸਮਾਂ ਹੱਦ ਵਧਾਈ ਗਈ ਹੈ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਪੈਨ ਨਾਲ ਆਧਾਰ ਜੋੜਨ ਲਈ ਸਮਾਂ ਹੱਦ 31 ਮਾਰਚ 2018 ਤਕ ਵਧਾ ਦਿੱਤੀ ਸੀ। ਹੁਣ ਬੈਂਕ ਖ਼ਾਤਿਆਂ ਲਈ ਸਮਾਂ ਹੱਦ ਦਾ ਵਾਧਾ ਕੀਤਾ ਗਿਆ ਹੈ ਪਰ ਮੋਬਾਈਲ ਫੋਨ ਨਾਲ ਆਧਾਰ ਕਾਰਡ ਲਿੰਕ ਕਰਨ ਲਈ 6 ਫਰਵਰੀ 2018 ਵਾਲੀ ਦੀ ਸਮਾਂ ਹੱਦ ਵਿੱਚ ਵਾਧੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸਰਕਾਰੀ ਬਿਆਨ ਅਨੁਸਾਰ ‘31 ਮਾਰਚ 2018 ਨੂੰ ਆਧਾਰ ਕਾਰਡ ਤੇ ਪੈਨ ਲਾਜ਼ਮੀ ਰੂਪ ਵਿੱਚ ਜਮ੍ਹਾਂ ਕਰਾਉਣ ਦੀ ਤਰੀਕ ਵਜੋਂ ਨੋਟੀਫਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਖਪਤਕਾਰਾਂ ਲਈ ਬੈਂਕ ਖਾਤਾ ਸ਼ੁਰੂ ਕੀਤੇ ਜਾਣ ਦੀ ਤਰੀਕ ਤੋਂ ਛੇ ਮਹੀਨੇ ਜਾਂ 31 ਮਾਰਚ 2018, ਜਿਹੜਾ ਵੀ ਬਾਅਦ ਵਿੱਚ ਆਵੇ, ਤੱਕ ਆਧਾਰ ਨੰਬਰ ਅਤੇ ਪੈਨ ਨੰਬਰ ਜਾਂ ਫਾਰਮ 60 ਜਮ੍ਹਾਂ ਕਰਾਉਣ ਦੀ ਅੰਤਿਮ ਮਿਤੀ ਹੋਵੇਗੀ।’