ਨਵੀਂ ਦਿੱਲੀ- ਇਸ ਵਕਤ ਦੀ ਜ਼ੋਰਦਾਰ ਮੁਕਾਬਲੇਬਾਜ਼ੀ ਵਿੱਚ ਭਾਰਤ ਦੀਆਂ ਟੈਲੀਕਾਮ ਕੰਪਨੀਆਂ ਭਾਵੇਂ ਆਪੋ ਵਿੱਚ ਸਭ ਤੋਂ ਤੇਜ਼ ਮੋਬਾਈਲ ਇੰਟਰਨੈੱਟ ਸੇਵਾ ਦੇਣ ਦੇ ਦਾਅਵਾ ਕਰਦੀਆਂ ਹੋਣ, ਸੰਸਾਰ ਪੱਧਰ ‘ਤੇ ਭਾਰਤ ਇਸ ਕੰਮ ਵਿੱਚ 109ਵੇਂ ਅਤੇ ਬਰਾਡਬੈਂਡ ਸਪੀਡ ਵਿੱਚ 76ਵੇਂ ਸਥਾਨ ‘ਤੇ ਹੈ।

ਇੰਟਰਨੈੱਟ ਸਪੀਡ ਮਾਪਣ ਦੀ ਦੁਨੀਆ ਦੀ ਪ੍ਰਮੁੱਖ ਕੰਪਨੀ ਊਕਲਾ ਦੇ ਨਵੰਬਰ ਮਹੀਨੇ ਦੇ ਸਪੀਡ ਟੈਸਟ ਗਲੋਬਲ ਇੰਡੈਕਸ ਵਿੱਚ ਭਾਰਤ ਮੋਬਾਈਲ ਇੰਟਰਨੈੱਟ ਸਪੀਡ ਵਿੱਚ 109ਵੇਂ ਸਥਾਨ ਉਤੇ ਹੈ। ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਭਾਰਤ ਵਿੱਚ ਔਸਤ ਮੋਬਾਈਲ ਡਾਊਨਲੋਡ ਸਪੀਡ 7.65 ਐੱਮ ਬੀ ਪੀ ਐੱਸ ਸੀ, ਜੋ ਨਵੰਬਰ ਤੱਕ 15 ਫੀਸਦੀ ਵਧ ਕੇ 8.80 ਐੱਮ ਬੀ ਪੀ ਐੱਸ ਉਤੇ ਪਹੁੰਚ ਗਈ। ਇਸ ਦੌਰਾਨ ਮੋਬਾਈਲ ਇੰਟਰਨੈਟ ਸਪੀਡ ਵਿੱਚ ਜਿੱਥੇ ਨਰਮ ਰਫਤਾਰ ਦਾ ਵਾਧਾ ਹੋ ਰਿਹਾ ਹੈ, ਉਥੇ ਬਰਾਡਬੈਂਡ ਸਪੀਡ ਵਿੱਚ ਤੇਜ਼ ਵਾਧਾ ਹੋਇਆ ਹੈ।

ਜਨਵਰੀ 2017 ਵਿੱਚ ਬਰਾਡਬੈਂਡ ਦੀ ਔਸਤ ਡਾਊਨਲੋਡ ਸਪੀਡ 12.12 ਐੱਮ ਬੀ ਪੀ ਐੱਸ ਸੀ, ਜੋ ਨਵੰਬਰ ਤੱਕ ਪੰਜਾਹ ਫੀਸਦੀ ਵਧ ਕੇ 18.82 ਐੱਮ ਬੀ ਪੀ ਐੱਸ ਉਤੇ ਪਹੁੰਚ ਗਈ। ਇਸ ਸੂਚੀ ਵਿੱਚ ਨਾਰਵੇ ਦੁਨੀਆ ਵਿੱਚ ਸਭ ਤੋਂ ਤੇਜ਼ ਮੋਬਾਈਲ ਇੰਟਰਨੈਟ ਸਪੀਡ ਦੇਣ ਵਾਲਾ ਦੇਸ਼ ਹੈ ਅਤੇ ਉਥੇ ਔਸਤ ਮੋਬਾਈਲ ਇੰਟਰਨੈਟ ਡਾਊਨਲੋਡ ਸਪੀਡ 62.66 ਐਮ ਬੀ ਪੀ ਐਸ ਹੈ। ਫਿਕਸਡ ਬਰਾਡਬੈਂਡ ਦੇ ਮਾਮਲੇ ਵਿੱਚ 153.85 ਡਾਊਨਲੋਡ ਸਪੀਡ ਦੇ ਨਾਲ ਸਿੰਗਾਪੁਰ ਇਸ ਮਾਮਲੇ ਵਿੱਚ ਦੁਨੀਆ ਵਿੱਚ ਅੱਵਲ ਦੇਸ਼ ਹੈ।

ਇਸ ਦੌਰਾਨ ਕ੍ਰੈਡਿਟ ਰੇਟਿੰਗ ਏਜੰਸੀ ਇਕ੍ਰਾ ਨੇ ਕਿਹਾ ਕਿ ਭਾਰਤ ਵਿੱਚ ਟੈਲੀਕਾਮ ਕੰਪਨੀਆਂ ਮੋਬਾਈਲ ਟਾਵਰ ਕਾਰੋਬਾਰ ਵਿੱਚ ਹਿੱਸੇਦਾਰੀ ਵੇਚ ਕੇ 90,000 ਕਰੋੜ ਰੁਪਏ ਤੱਕ ਦਾ ਕਰਜ਼ਾ ਲਾਹ ਸਕਦੀਆਂ ਹਨ। ਏਜੰਸੀ ਦਾ ਕਹਿਣਾ ਹੈ ਕਿ ਇਨ੍ਹਾਂ ਸੌਦਿਆਂ ‘ਤੇ ਫਿਲਹਾਲ ਵਿਚਾਰ ਚੱਲ ਰਿਹਾ ਹੈ ਅਤੇ ਉਸ ਦਾ ਅੰਦਾਜ਼ਾ ਹੈ ਕਿ ਟੈਲੀਕਾਮ ਟਾਵਰ ਉਦਯੋਗ ਵਿੱਚ ਥੋੜ੍ਹ ਚਿਰੇ ਰਿਕਾਰਡ ਬਦਲਾਅ ਹੋ ਸਕਦੇ ਹਨ। ਇਸ ਦੇ ਅਨੁਸਾਰ ਚਾਰ ਲੱਖ ਟਾਵਰਾਂ ਤੇ ਅੱਠ ਲੱਖ ਕਿਰਾਏਦਾਰਾਂ ਦੇ ਨਾਲ ਭਾਰਤ ਦਾ ਦੂਰਸੰਚਾਰ ਟਾਵਰ ਉਦਯੋਗ ਦੁਨੀਆ ਵਿੱਚ ਕਾਫੀ ਵੱਡਾ ਹਿੱਸਾ ਰੱਖਦਾ ਹੈ।