ਨਵੀਂ ਦਿੱਲੀ: ਦਿੱਲੀ ਦੀ ਇੱਕ ਔਰਤ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਲੋਕਾਂ ਨੇ ਕਸਟਮਰ ਕੇਅਰ ਬਣਕੇ 1 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਔਰਤ ਦੇ ਈ-ਵਾਲੇਟ ਵਿੱਚੋਂ ਕਰੀਬ 1 ਲੱਖ ਰੁਪਏ ਉੱਡਾ ਲਏ ਗਏ। ਔਰਤ ਦਿੱਲੀ ਦੇ ਦਿਲਸ਼ਾਦ ਗਾਰਡਨ ਦੀ ਰਹਿਣ ਵਾਲੀ ਹੈ ਤੇ ਇੱਕ ਪ੍ਰਾਈਵੇਟ ਫਰਮ ‘ਚ ਕੰਮ ਕਰਦੀ ਹੈ। ਔਰਤ ਨੇ ਕਿਹਾ, "ਈ ਵਾਲੇਟ ਖੋਲ੍ਹਣ ‘ਚ ਮੈਨੂੰ ਦਿੱਕਤ ਆ ਰਹੀ ਸੀ। ਇਸ ਤੋਂ ਬਾਅਦ ਮੈਂ ਕਸਟਮਰ ਕੇਅਰ ਦੇ ਨੰਬਰ ਨੂੰ ਸਰਚ ਕੀਤਾ ਤੇ ਗਲਤ ਤਰੀਕੇ ਨਾਲ ਮੇਰੇ ਅਕਾਉਂਟ ਵਿੱਚੋਂ ਰੁਪਏ ਗਾਇਬ ਕਰ ਲਏ ਗਏ।" ਔਰਤ ਨੇ ਕਸਟਮਰ ਕੇਅਰ ਦਾ ਨੰਬਰ ਇੰਟਰਨੈੱਟ ‘ਤੇ ਸਰਚ ਕੀਤਾ ਸੀ। ਨੰਬਰ ਮਿਲਣ ਤੋਂ ਬਾਅਦ ਔਰਤ ਨੇ ਜਦੋਂ ਕਾਲ ਕੀਤੀ ਤਾਂ ਉਸ ਦੀ ਗੱਲ ਇੱਕ ਵਿਅਕਤੀ ਨਾਲ ਹੋਈ। ਉਸ ਨੇ ਉਸ ਦੇ ਕਾਰਡ ਦੀ ਸਾਰੀ ਜਾਣਕਾਰੀ ਲੈ ਕੇ ਅਕਾਉਂਟ ਹੀ ਖਾਲੀ ਕਰ ਦਿੱਤਾ। ਔਰਤ ਨੇ ਪੁਲਿਸ ‘ਚ ਇਸ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ ਤੇ ਧੋਖਾਧੜੀ ਵਾਲਾ ਕਸਟਮਰ ਕੇਅਰ ਨੰਬਰ ਹੁਣ ਵੀ ਕੰਮ ਕਰ ਰਿਹਾ ਹੈ।