ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਡੱਕੇਗਾ ਬੂਮ!
ਏਬੀਪੀ ਸਾਂਝਾ | 17 Apr 2018 01:41 PM (IST)
ਨਵੀਂ ਦਿੱਲੀ: ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਆਪਣੇ ਪੇਜ ਤੋਂ ਫਰਜ਼ੀ ਖਬਰਾਂ ਹਟਾਉਣ ਲਈ ਬੂਮ ਨਾਲ ਹੱਥ ਮਿਲਾਇਆ ਹੈ। ਬੂਮ ਸੋਸ਼ਲ ਮੀਡੀਆ ਜਾਂ ਹੋਰ ਥਾਂ ਚੱਲ ਰਹੀਆਂ ਖਬਰਾਂ ਦੇ ਤੱਥ ਦੀ ਜਾਂਚ ਕਰਕੇ ਪਤਾ ਕਰਦੀ ਹੈ ਕਿ ਉਹ ਖਬਰ ਸਹੀ ਹੈ ਜਾਂ ਫਰਜ਼ੀ। ਫੇਸਬੁਕ ਨੇ ਭਾਰਤ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਾਟਕ ਤੋਂ ਕੀਤੀ ਹੈ। ਕਰਨਾਟਕ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਫੇਸਬੁਕ ਨੇ ਕਿਹਾ ਕਿ ਉਸ ਨੇ ਫ੍ਰੀ ਡਿਜੀਟਲ ਜਰਨਲਿਜ਼ਮ ਤਹਿਤ ਬੂਮ ਨਾਲ ਕਰਾਰ ਕਰਕੇ ਕਰਨਾਟਕ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕਰਨਾਟਕ ਵਿੱਚ 12 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਫੇਸਬੁੱਕ ਨੇ ਬਲੌਗ ਪੋਸਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਇਹ ਪ੍ਰੋਗਰਾਮ ਸਾਡੇ ਮੰਚ 'ਤੇ ਫਰਜ਼ੀ ਖਬਰਾਂ ਨੂੰ ਫੈਲਣ ਤੋਂ ਰੋਕਣ ਲਈ ਕੀਤਾ ਗਿਆ ਹੈ। ਬੂਮ ਫੇਸਬੁੱਕ 'ਤੇ ਆਉਣ ਵਾਲੀਆਂ ਅੰਗਰੇਜ਼ੀ ਖਬਰਾਂ ਦੀ ਜਾਂਚ ਕਰੇਗੀ ਤੇ ਤੈਅ ਕਰੇਗੀ ਕਿ ਇਹ ਖਬਰਾਂ ਫੇਸਬੁੱਕ 'ਤੇ ਰਹਿਣੀਆਂ ਚਾਹੀਦੀਆਂ ਹਨ ਜਾਂ ਨਹੀਂ। ਇਸ ਤੋਂ ਪਹਿਲਾਂ ਅਜਿਹਾ ਫਰਾਂਸ, ਇਟਲੀ, ਨੀਦਰਲੈਂਡ, ਜਰਮਨੀ, ਮੈਕਸੀਕੋ, ਇੰਡੋਨੇਸ਼ੀਆ ਤੇ ਅਮਰੀਕਾ ਵਿੱਚ ਵੀ ਕੀਤਾ ਜਾ ਚੁੱਕਾ ਹੈ।