ਨਵੀਂ ਦਿੱਲੀ: ਇਸ ਸਾਲ ਦੀ ਸ਼ੁਰੂਆਤ 'ਚ ਹੀ ਫੇਸਬੁੱਕ ਨਾਲ ਜੁੜਿਆ ਕੈਂਬ੍ਰਿਜ ਐਨਾਲਿਟਿਕਾ ਵਿਵਾਦ ਸਾਹਮਣੇ ਆਇਆ। ਇਸ 'ਚ ਖੁਲਾਸਾ ਹੋਇਆ ਫੇਸਬੁੱਕ ਨੇ ਲਗਪਗ 87 ਮਿਲੀਅਨ ਯੂਜ਼ਰਜ਼ ਦਾ ਡਾਟਾ ਚੋਰੀ ਕੀਤਾ। ਇਸ ਮਾਮਲੇ 'ਚ ਫੇਸਬੁੱਕ ਦੇ ਸੀਈਓ ਮਾਰਕ ਜਕਰਬਰਗ ਅਪ੍ਰੈਲ 'ਚ ਅਮਰੀਕੀ ਸੰਸਦ ਸਾਹਮਣੇ ਪੇਸ਼ ਹੋ ਚੁੱਕੇ ਹਨ। ਹੁਣ ਫੇਸਬੁੱਕ ਨੇ ਇਸ ਪੂਰੇ ਵਿਵਾਦ 'ਤੇ ਅਮਰੀਕੀ ਸੰਸਦ 'ਚ 229 ਪੰਨਿਆ ਦਾ ਦਸਤੇਵਾਜ਼ ਜਮ੍ਹਾ ਕਰਾਇਆ ਹੈ। ਇਸ ਦਸਤਾਵੇਜ਼ ਵਿੱਚ ਅਮਰੀਕੀ ਸੰਸਦ ਦੇ ਸਾਰੇ ਸਵਾਲਾਂ ਦਾ ਜਵਾਬ ਵਿਸਤਾਰ 'ਚ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਜਵਾਬ 'ਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ ਜਿਸ 'ਚ ਫੇਸਬੁੱਕ ਸਿਰਫ ਯੂਜ਼ਰ ਦੀ ਨਿੱਜੀ ਜਾਣਕਾਰੀ ਹੀ ਨਹੀਂ ਉਸ ਦੀ ਪਸੰਦ ਜਾਣਨ ਲਈ ਕੰਪਿਊਟਰ ਕੀਬੋਰਡ ਤੇ ਮਾਊਸ ਦੀ ਮੂਵਮੈਂਟ 'ਤੇ ਵੀ ਨਜ਼ਰ ਰੱਖਦਾ ਹੈ।

ਇੰਨਾ ਹੀ ਨਹੀਂ ਫੇਸਬੁੱਕ ਇਹ ਵੀ ਪਤਾ ਰੱਖਦਾ ਹੈ ਕਿ ਯੂਜ਼ਰ ਦੇ ਫੋਨ 'ਚ ਬੈਟਰੀ ਕਿੰਨ੍ਹੀ ਹੈ ਤੇ ਫੋਨ 'ਚ ਸਟੋਰੇਜ ਕਿੰਨ੍ਹੀ ਬਾਕੀ ਬਚੀ ਹੈ। ਇੱਥੋਂ ਤੱਕ ਕਿ ਸਮਾਰਟਫੋਨ ਦਾ ਆਪਰੇਟਿੰਗ ਸਿਸਟਮ ਕਿਹੜਾ ਹੈ, ਕਿਸ ਬ੍ਰਾਊਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਸਭ ਫੇਸਬੁੱਕ ਹੀ ਜਾਣਕਾਰੀ ਹੇਠ ਹੁੰਦਾ ਹੈ। ਫੇਸਬੁੱਕ ਤੁਹਾਡੀ ਇੰਟਰਨੈੱਟ ਗਤੀਵਿਧੀ ਤੇ ਮੋਬਾਈਲ ਆਪਰੇਟਰ ਬਾਰੇ ਵੀ ਜਾਣਕਾਰੀ ਰੱਖਦਾ ਹੈ। ਇੰਟਰਨੈੱਟ ਪ੍ਰੋਵਾਈਡਰ ਕੌਣ ਹੈ ਇਸ ਬਾਰੇ ਵੀ ਫੇਸਬੁੱਕ ਨੂੰ ਪਤਾ ਹੁੰਦਾ ਹੈ।

ਦੱਸ ਦਈਏ ਕਿ ਫੇਸਬੁੱਕ ਯੂਜ਼ਰ ਦੇ ਕੁਕੀ ਡਾਟਾ ਤੇ ਆਈਪੀ ਐਡਰੈੱਸ ਬਾਰੇ ਵੀ ਜਾਣਦਾ ਹੈ। ਜੇਕਰ ਯੂਜ਼ਰ ਆਪਣੇ ਡੀਵਾਈਸ ਦਾ ਐਕਸੈਸ ਫੇਸਬੁੱਕ ਨੂੰ ਦਿੰਦਾ ਹੈ ਤਾਂ ਫੇਸਬੁੱਕ ਲੋਕੇਸ਼ਨ, ਕੈਮਰਾ, ਗੈਲਰੀ, ਵੀਡੀਓ ਨੂੰ ਵੀ ਐਕਸੈਸ ਕਰਦਾ ਹੈ। ਇਥੋਂ ਤੱਕ ਕਿ ਜੋ ਯੂਜ਼ਰਜ਼ ਆਪਣਾ ਮੋਬਾਇਲ ਨੰਬਰ ਫੇਸਬੁੱਕ ਨਾਲ ਕੋਨੈਕਟ ਕਰਦੇ ਹਨ ਤਾਂ ਉਨ੍ਹਾਂ ਦਾ ਕਾਲ ਡਾਟਾ ਤੇ ਕਾਨਟੈਕਟ ਲਿਸਟ ਦੀ ਜਾਣਕਾਰੀ ਵੀ ਫੇਸਬੁੱਕ ਤੱਕ ਪਹੁੰਚਦੀ ਹੈ।