ਸੈਨ ਫ੍ਰਾਂਸਿਸਕੋ: ਐਪਲ ਆਪਣੇ ਆਈਫ਼ੋਨ ਨੂੰ ਹੋਰ ਸੁਰੱਖਿਅਤ ਬਣਾ ਰਿਹਾ ਹੈ। ਵਰਤੋਂਕਾਰ ਦੀ ਮਰਜ਼ੀ ਤੋਂ ਬਿਨਾ ਲੌਕ ਹੋਏ ਆਈਫ਼ੋਨ ਤੋਂ ਡੇਟਾ ਹਾਸਲ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ। ਬੇਸ਼ੱਕ ਇਹ ਵਰਤੋਂਕਾਰ ਦੇ ਪੱਖ ਵਿੱਚ ਹੈ ਪਰ ਸੁਰੱਖਿਆ ਏਜੰਸੀਆਂ ਦੇ ਰਾਹ ਵਿੱਚ ਇਹ ਵੱਡਾ ਰੋੜਾ ਹੈ।   ਸ਼ੁਰੂ ਹੋਣ ਤੋਂ ਬਾਅਦ ਆਈਫ਼ੋਨ ਦੀ ਇਹ ਸੁਰੱਖਿਆ ਕਿਸੇ ਅਪਰਾਧ ਦੀ ਪੜਤਾਲ ਦੌਰਾਨ ਸੁਰੱਖਿਆ ਏਜੰਸੀਆਂ ਸਾਹਮਣੇ ਇਹ ਇੱਕ ਵੱਡੀ ਚੁਣੌਤੀ ਹੋਵੇਗਾ। ਐੱਪਲ ਆਪਣੇ ਆਉਣ ਵਾਲੇ ਆਈਓਐਸ ਅਪਡੇਟ ਵਿੱਚ ਕੁਝ ਅਜਿਹੀ ਸੋਧ ਲਿਆ ਰਿਹਾ ਹੈ ਕਿ ਫ਼ੋਨ ਲੌਕ ਹੋਣ ਤੋਂ ਇੱਕ ਘੰਟਾ ਬਾਅਦ ਜੇਕਰ ਸਹੀ ਪਾਸਵਰਡ ਨਹੀਂ ਭਰਿਆ ਜਾਂਦਾ ਤਾਂ ਲਾਈਟਨਿੰਗ ਕੇਬਲ ਰਾਹੀਂ ਕੋਈ ਵੀ ਡੇਟਾ ਟ੍ਰਾਂਸਫਰ ਹੀ ਨਹੀਂ ਹੋ ਸਕੇਗਾ। ਸਾਲ 2016 ਵਿੱਚ ਜਦ ਐੱਪਲ ਨੇ ਸੈਨ ਬਰਨਾਰਡਿਨੋ ਸ਼ੂਟਿੰਗ ਦੇ ਮੁਲਜ਼ਮ ਦਾ ਫ਼ੋਨ ਅਨਲੌਕ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਤਾਂ ਐਫਬੀਆਈ ਨੇ ਕਿਸੇ ਤੀਜੀ ਧਿਰ ਦੇ ਸਾਫ਼ਟਵੇਅਰ ਦੀ ਮਦਦ ਲੈ ਕੇ ਮੁਲਜ਼ਮ ਦਾ ਫ਼ੋਨ ਖੁੱਲ੍ਹਵਾਇਆ ਸੀ। ਐੱਪਲ ਦੇ ਸੀਈਓ ਟਿਮ ਕੁੱਕ ਨੇ ਕਿਹਾ ਕਿ ਉਹ ਸੁਰੱਖਿਆ ਏਜੰਸੀਆਂ ਦਾ ਸਨਮਾਨ ਕਰਦੇ ਹਨ, ਪਰ ਉਨ੍ਹਾਂ ਦੀ ਪਹਿਲ ਹਮੇਸ਼ਾ ਉਨ੍ਹਾਂ ਦੇ ਗਾਹਕ ਤੇ ਵਰਤੋਂਕਾਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲ ਆਧਾਰਤ ਕੰਪਨੀ ਸੈਲੇਬ੍ਰਾਈਟ ਤੇ ਅਮਰੀਕੀ ਕੰਪਨੀ ਗ੍ਰੇਅਸ਼ਿਫ਼ਟ ਨੇ ਸੁਰੱਖਿਆ ਏਜੰਸੀਆਂ ਨੂੰ ਅਪਰਾਧੀਆਂ ਦੇ ਆਈਫ਼ੋਨ ਖੋਲ੍ਹਣ ਲਈ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗ੍ਰੇਅਸ਼ਿਫ਼ਟ ਕੰਪਨੀ ਐੱਪਲ ਦੇ ਹੀ ਸਾਬਕਾ ਇੰਜੀਨੀਅਰ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਐੱਪਲ ਦੇ ਤਕਰੀਬਨ 15,000 ਉਪਕਰਣਾਂ ਦੇ ਸੁਰੱਖਿਆ ਸੌਫ਼ਟਵੇਅਰ ਵਿੱਚ ਸੰਨ੍ਹ ਲਾ ਚੁੱਕਾ ਹੈ।