ਸੈਨ ਫਰਾਂਸਿਸਕੋ (ਏਜੰਸੀ) : ਫੇਸਬੁੱਕ ਨੇ ਮੈਸੇਜਿੰਗ ਚੈਟ ਐਪ 'ਚ ਦੋਸਤਾਂ ਨਾਲ ਗੇਮ ਖੇਡਣ ਲਈ ਇਕ ਨਵੇਂ ਪਲੇਟਫਾਰਮ 'ਇੰਸਟੈਂਟ ਗੇਮਜ਼' ਨੂੰ ਲਾਂਚ ਕਰਨ ਦੇ ਇਕ ਸਾਲ ਬਾਅਦ ਗੇਮਰਸ ਲਈ ਫੇਸਬੁੱਕ ਲਾਈਵ ਰਾਹੀਂ ਲਾਈਵ ਸਟ੍ਰੀਮਿੰਗ ਅਤੇ ਵੀਡੀਓ ਚੈਟਿੰਗ ਦੀ ਸਹੂਲਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ ਇਕ ਬਲਾਗ ਪੋਸਟ 'ਚ ਕਿਹਾ, 'ਪਹਿਲਾਂ ਅਸੀਂ ਲਾਈਵ ਸਟ੍ਰੀਮਿੰਗ  ਲਾਂਚ ਕਰਨ ਜਾ ਰਹੇ ਹਾਂ, ਜਿਸ ਨੂੰ ਅੱਜ ਤੋਂ ਜਾਰੀ ਕਰ ਦਿੱਤਾ ਗਿਆ ਹੈ, ਤਾਂਕਿ ਗੇਮਰਸ ਆਪਸ 'ਚ ਇਕ-ਦੂਸਰੇ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਵੀ ਕਰਾ ਸਕਣ ਅਤੇ ਛੋਟੀ-ਮੋਟੀ ਗੱਲਬਾਤ ਵੀ ਕਰ ਸਕਣ।' ਫੇਸਬੁੱਕ ਨੇ ਕਿਹਾ ਕਿ ਯੂਜ਼ਰਸ ਇਸ ਲਾਈਵ ਨੂੰ ਰਿਕਾਰਡ ਵੀ ਕਰ ਸਕਣਗੇ ਤਾਂਕਿ ਬਾਅਦ 'ਚ  ਉਸ ਨੂੰ ਆਪਣੇ ਪ੍ਰੋਫਾਈਲ 'ਤੇ ਸਾਂਝਾ ਵੀ ਕਰ ਸਕਣ। ਕੰਪਨੀ ਨੇ ਕਿਹਾ, 'ਮੈਸੇਂਜਰ 'ਤੇ ਹਰ ਮਹੀਨੇ ਲਗਪਗ 24.5 ਕਰੋੜ ਲੋਕ ਵੀਡੀਓ ਚੈਟ ਕਰਦੇ ਹਨ। ਅਸੀਂ ਛੇਤੀ ਹੀ ਇਸ ਦਾ ਪ੍ਰੀਖਣ ਕਰਨ ਲਈ ਉਤਸੁਕ ਹਾਂ ਕਿ ਲੋਕ ਇਕ ਦੂਸਰੇ ਨਾਲ ਵੀਡੀਓ ਗੇਮ ਖੇਡਦੇ ਹੋਏ ਵੀਡੀਓ ਚੈਟਿੰਗ ਵੀ ਕਰ ਸਕਣ।' ਇਸ ਦੌਰਾਨ ਸੋਸ਼ਲ ਮੀਡੀਆ ਦਿੱਗਜ਼ ਨੇ ਕਈ ਸਾਰੇ ਮੋਬਾਈਲ ਗੇਮਜ਼ ਨੂੰ 'ਇੰਸਟੈਂਟ ਗੇਮਜ਼' 'ਤੇ ਲਾਂਚ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਇਸ ਪਲੇਟਫਾਰਮ ਦੇ ਹਿਸਾਬ ਨਾਲ ਦੁਬਾਰਾ ਬਣਾਇਆ ਜਾਵੇਗਾ।