ਨਵੀਂ ਦਿੱਲੀ: ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ 687 ਪੇਜ ਤੇ ਖਾਤੇ ਨੂੰ ਡਿਲੀਟ ਕਰ ਦਿੱਤਾ ਹੈ। ਇਹ ਖਾਤੇ ਕਾਂਗਰਸ ਪਾਰਟੀ ਦੇ ਆਈਟੀ ਸੈੱਲ ਨਾਲ ਜੁੜੇ ਹੋਏ ਸਨ। ਇਨ੍ਹਾਂ ਦੀ ਪਛਾਣ ਜਾਅਲੀ ਤੇ ਸਪੈਮ ਵਜੋਂ ਹੋਈ ਸੀ। ਇਹ ਜਾਣਕਾਰੀ ਕੰਪਨੀ ਨੇ ਖ਼ੁਦ ਦਿੱਤੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਉਕਤ ਖਾਤਿਆਂ ਤੇ ਪੇਜਾਂ ਨੂੰ ਗ਼ਲਤ ਖ਼ਬਰਾਂ ਕਾਰਨ ਨਹੀਂ ਬਲਕਿ ਜਾਅਲੀ ਤਰੀਕੇ ਨਾਲ ਚੱਲਦੇ ਹੋਣ ਤੇ ਸਪੈਮ ਕਰਾਰ ਦਿੱਤੇ ਜਾਣ ਕਰਕੇ ਕੀਤਾ ਹੈ। ਇਸ ਦੇ ਨਾਲ ਹੀ ਫੇਸਬੁੱਕ ਨੇ ਪਾਕਿਸਤਾਨ ਤੋਂ ਚੱਲਣ ਵਾਲੇ 103 ਅਜਿਹੇ ਪੇਜ, ਗਰੁੱਪ ਤੇ ਖਾਤਿਆਂ ਤੇ ਇੰਸਟਾਗ੍ਰਾਮ ਪ੍ਰੋਫਾਈਲਜ਼ ਨੂੰ ਵੀ ਅਜਿਹੀਆਂ ਹੀ ਗਤੀਵਿਧੀਆਂ ਕਰਕੇ ਬੰਦ ਕਰ ਦਿੱਤਾ ਹੈ।
ਫੇਸਬੁੱਕ ਦੇ ਸਾਈਬਰਸਕਿਉਰਿਟੀ ਨਿਤੀ ਦੇ ਮੁਖੀ ਨੇਥਨੀਲ ਗਲੇਇਸ਼ਰ ਨੇ ਦੱਸਿਆ ਕਿ ਫੇਸਬੁੱਕ ਦੇ ਖ਼ੁਦਮੁਖਡਤਿਆਰ ਸਿਸਟਮ ਨੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਪੇਜ ਬੇਹੱਦ ਜਾਅਲੀ ਖਾਤਿਆਂ ਦੀ ਵਰਤੋਂ ਕਰ ਆਪਣੀ ਪਛਾਣ ਬਣਾਈ ਹੋਏ ਸਨ, ਜਿਸ ਕਾਰਨ ਕੋਈ ਵੀ ਧੋਖਾ ਖਾ ਸਕਦਾ ਹੈ। ਇਸ ਕਾਰਵਾਈ ਪਿੱਛੇ ਇਹੋ ਵੱਡਾ ਕਾਰਨ ਹੈ।