ਚੰਡੀਗੜ੍ਹ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਸੁਰੱਖਿਆ ਲਈ 70 ਕਰੋੜ ਦੀ ਸਾਲਾਨਾ ਬਜਟ ਤੈਅ ਕੀਤਾ ਗਿਆ ਹੈ। ਮਾਰਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ 70 ਤੋਂ ਵੱਧ ਲੋਕਾਂ ਦੀ ਟੀਮ ਨੂੰ ਦਿੱਤੀ ਗਈ ਹੈ। ਕੰਪਨੀ ਵਿੱਚ ਬੁਲਿਟ ਪਰੂਫ ਕਾਨਫਰੰਸ ਰੂਮ ਹੈ। ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਵਿੱਚ ਸੀਈਓ ਨੂੰ ਕੰਪਨੀ ਤੋਂ ਬਾਹਰ ਕੱਢਣ ਲਈ ਸੁਰੰਗ ਵੀ ਬਣਾਈ ਗਈ ਹੈ।


ਬਿਜ਼ਨੈਸ ਇਨਸਾਈਡਰ ਦੀ ਰਿਪੋਰਟ ਮੁਤਾਬਕ ਮਾਰਕ ਦੀ ਸੁਰੱਖਿਆ ਲਈ 70 ਮੈਂਬਰੀ ਸਕਿਉਰਟੀ ਟੀਮ ਬਣਾਈ ਗਈ ਹੈ। ਸਾਬਕਾ ਸੀਕ੍ਰੇਟ ਸਰਵਿਸ ਏਜੰਟ ਜਿਲ ਲੀਵਨਜ਼ ਜੌਨਸ ਇਸ ਟੀਮ ਨੂੰ ਲੀਡ ਕਰ ਰਹੇ ਹਨ। ਮਾਰਕ ਦੇ ਇਲਾਵਾ ਟੀਮ ਫੇਸਬੁਕ ਦੇ ਚੀਫ ਆਪਰੇਟਿੰਗ ਅਫ਼ਸਰ ਸ਼ੇਰਿਲ ਸੈਂਡਬਰਗ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਲਏਗੀ।

ਦਰਅਸਲ ਜ਼ਕਰਬਰਗ ਤੇ ਸ਼ੇਰਿਲ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਕਰਕੇ ਕੰਪਨੀ ਇਨ੍ਹਾਂ ਦੋਵਾਂ ਨੂੰ 24 ਘੰਟੇ ਸੁਰੱਖਿਆ ਦੇ ਰਹੀ ਹੈ। ਦੱਸ ਦੇਈਏ ਕਿ ਫੇਸਬੁੱਕ ’ਤੇ ਲਗਾਤਾਰ ਡੇਟਾ ਲੀਕ ਤੇ ਯੂਜ਼ਰਸ ਦੀ ਨਿੱਜਤਾ ਨਾਲ ਸਮਝੌਤੇ ਦੇ ਇਲਜ਼ਾਮ ਲੱਗ ਰਹੇ ਹਨ। ਇਸ ਵਿੱਚ ਜ਼ਿਆਦਾਤਰ ਆਲੋਚਨਾ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਹੀ ਹੋ ਰਹੀ ਹੈ। ਇਸ ਲਈ ਕੰਪਨੀ ਆਪਣੇ ਸੀਈਓ ਦੀ ਸੁਰੱਖਿਆ ਲਈ ਕਾਫੀ ਚਿੰਤਿਤ ਹੈ।