ਚੰਡੀਗੜ੍ਹ: ਫੇਸਬੁੱਕ ਆਪਣੇ 200 ਕਰੋੜ ਤੋਂ ਜ਼ਿਆਦਾ ਯੂਜ਼ਰਾਂ ਲਈ ਨਵੀਂ ਫੀਚਰ ਟੈਸਟ ਕਰ ਰਿਹਾ ਹੈ ਜਿਸ ਦਾ ਨਾਂ ‘ਥਿੰਗਜ਼ ਇਨ ਕੌਮਨ’ ਹੋਏਗਾ। ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ ਇਸ ਫੀਚਰ ਵਿੱਚ ਅਜਿਹੇ ਲੋਕਾਂ ਦੀ ਸਿਫਾਰਸ਼ ਕੀਤੀ ਜਾਏਗੀ ਜੋ ਆਪਸ ਵਿੱਚ ਇੱਕੋ ਜਿਹੇ ਵਿਚਾਰ ਰੱਖਦੇ ਹੋਣਗੇ। ਕੰਪਨੀ ਨੇ ਸ਼ੁੱਕਰਵਾਰ ਇਸ ਨਵੀਂ ਫੀਚਰ ਦੀ ਟੈਸਟਿੰਗ ਬਾਰੇ ਜਾਣਕਾਰੀ ਦਿੱਤੀ।

ਇਸ ਫੀਚਰ ਦਾ ਮਕਸਦ ਸਮਾਨ ਵਿਚਾਰਾਂ ਤੇ ਇੰਟਰੈਸਟ ਵਾਲੇ ਲੋਕਾਂ ਨੂੰ ਇਕੱਠਿਆਂ ਕਰਨਾ ਤੇ ਉਨ੍ਹਾਂ ਦਾ ਦਾਇਰਾ ਵਧਾਉਣਾ ਹੈ। ਇਹ ਫੀਚਰ ਇੱਕ ਲੇਬਲ ਜਾਂ ਇੱਕ ਟੈਗ ਦੇ ਰੂਪ ਵਿੱਚ ਨਜ਼ਰ ਆਏਗਾ ਜੋ ਤੁਹਾਡੀ ਫਰੈਂਡ ਲਿਸਟ ਵਿੱਚ ਸ਼ਾਮਲ ਨਹੀਂ। ਉਦਾਹਰਨ ਲਈ ਕਿਸੇ ਪੇਜ ਦੀ ਪੋਸਟ ’ਤੇ ਜੇ ਕੋਈ ਅਜਿਹਾ ਸ਼ਖ਼ਸ ਕੁਮੈਂਟ ਕਰਦਾ ਹੈ ਜੋ ਤੁਹਾਡੀ ਫਰੈਂਡ ਲਿਸਟ ਵਿੱਚ ਸ਼ਾਮਲ ਨਹੀਂ ਪਰ ਹੋ ਸਕਦਾ ਹੈ ਕਿ ਉਸ ਨੇ ਵੀ ਉਸੇ ਕਾਲਜ ਤੋਂ ਪੜ੍ਹਾਈ ਕੀਤੀ ਹੋਵੇ ਜਿੱਥੋਂ ਤੁਸੀਂ ਕੀਤੀ ਹੈ ਜਾਂ ਫਿਰ ਤੁਸੀਂ ਵੀ ਉਸੇ ਸ਼ਹਿਰ ਤੋਂ ਹੋਵੋ ਜਿੱਥੋਂ ਉਹ ਸ਼ਖ਼ਸ ਹੈ ਤਾਂ ਇਸ ਕੁਮੈਂਟ ਕਰਨ ਵਾਲੇ ਯੂਜ਼ਰ ਨਾਲ ‘ਥਿੰਗਜ਼ ਇਨ ਕੌਮਨ’ ਦਾ ਟੈਗ ਲਿਖਿਆ ਨਜ਼ਰ ਆਏਗਾ। ਜਿਵੇਂ ‘You both went to the XYZ University’.



ਫਿਲਹਾਲ ਇਸ ਫੀਚਰ ਦੀ ਟੈਸਟਿੰਗ ਅਮਰੀਕਾ ਵਿੱਚ ਹੀ ਕੀਤੀ ਜਾ ਰਹੀ ਹੈ। ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਇਹ ਫੀਚਰ ਦੁਨੀਆ ਭਰ ਲਈ ਕਦੋਂ ਮੁਹੱਈਆ ਕਰਾਇਆ ਜਾਏਗਾ।