ਹੁਣ ਫੇਸਬੁੱਕ ਤੋਂ ਵੀ ਖਰੀਦ ਸਕੋਗੇ 'ਰਾਸ਼ਨ-ਪਾਣੀ'
ਏਬੀਪੀ ਸਾਂਝਾ | 07 May 2018 01:36 PM (IST)
ਨਵੀਂ ਦਿੱਲੀ: ਵਟਸਐਪ ਦੀ ਮਦਦ ਨਾਲ ਭਾਰਤ ਦੇ ਪੇਮੈਂਟ ਸੈਕਟਰ ਵਿੱਚ ਐਂਟਰੀ ਤੋਂ ਬਾਅਦ ਫੇਸਬੁਕ ਹੁਣ ਈ-ਕਾਮਰਸ ਮਾਰਕੀਟ ਵਿੱਚ ਆਉਣ ਲਈ ਤਿਆਰ ਹੈ। ਇੱਥੇ ਫੇਸਬੁੱਕ ਦੀ ਟੱਕਰ ਵਾਲਮਾਰਟ ਤੇ ਅਮੇਜ਼ਨ ਨਾਲ ਹੋਣੀ ਹੈ। ਆਪਣੇ ਵਪਾਰ ਨੂੰ ਪੂਰੀ ਤਰ੍ਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਵੱਡੀ ਕੰਪਨੀ ਫੇਸਬੁੱਕ ਕਈ ਤਰ੍ਹਾਂ ਦੇ ਬ੍ਰਾਂਡਸ ਨਾਲ ਗੱਲ ਕਰ ਰਹੀ ਹੈ। ਫੇਸਬੁੱਕ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਆਪਣੀ ਵੈੱਬਸਾਈਟ ਲਾਂਚ ਕਰ ਸਕਦਾ ਹੈ। ਇਸ ਦੇ ਨਾਲ ਹੀ ਆਪਣੀ ਈ-ਕਾਮਰਸ ਵੈੱਬਸਾਈਟ ਦੀ ਟੈਸਟਿੰਗ ਵੀ ਕਰ ਰਿਹਾ ਹੈ। ਇਸ ਵਾਸਤੇ ਨਵੇਂ ਟੂਲਜ਼ ਡੈਵਲਪ ਕੀਤੇ ਜਾ ਰਹੇ ਹਨ। ਇਸ ਨਾਲ ਕੰਪਨੀਆਂ ਆਪਣੇ ਪ੍ਰੋਡਕਟਸ ਨੂੰ ਅਪਲੋਡ ਤੇ ਸਟਾਕ ਮੈਨੇਜ ਆਸਾਨੀ ਨਾਲ ਕਰ ਸਕਣਗੀਆਂ। ਫੇਸਬੁਕ ਪੇਮੈਂਟ ਸਿਸਟਮ ਨੂੰ ਵੀ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕਰ ਦੇਵੇਗਾ। ਫੇਸਬੁੱਕ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਉਹ ਇਸ ਦੀ ਟੈਸਟਿੰਗ ਕਰ ਰਿਹਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਮਾਰਕੀਟ ਬਾਰੇ ਪਿਛਲੇ ਸਾਲ ਨਵੰਬਰ ਤੋਂ ਸਰਵੇ ਕਰ ਰਹੇ ਹਾਂ। ਅਸੀਂ ਨਵੇਂ-ਨਵੇਂ ਤਰੀਕਿਆਂ ਨਾਲ ਈ-ਕਾਮਰਸ ਨਾਲ ਲੋਕਾਂ ਨੂੰ ਜੋੜਦੇ ਰਹਾਂਗੇ। ਭਾਰਤ ਵਿੱਚ ਈ-ਕਾਮਰਸ ਮਾਰਕੀਟ 2026 ਤੱਕ 200 ਬਿਲੀਅਨ ਡਾਲਰ ਦੇ ਪਾਰ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ 19.6 ਬਿਲੀਅਨ ਡਾਲਰ ਦਾ ਸੀ। ਇਸ ਤੋਂ ਬਾਅਦ ਇਹ ਵੱਧ ਕੇ 27 ਬਿਲੀਅਨ ਡਾਲਰ ਪਾਰ ਹੋਣ ਦੀ ਉਮੀਦ ਲਾਈ ਜਾ ਰਹੀ ਹੈ।