ਨਵੀਂ ਦਿੱਲੀ: ਫੇਸਬੁੱਕ ਨੇ ਆਪਣੇ ਇਸ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਨਵਾਂ ਡੇਟਿੰਗ ਐਪ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਸੀਈਓ ਮਾਰਕ ਜ਼ਕਰਬਰਗ ਨੇ ਮੰਗਲਵਾਰ ਨੂੰ ਸਾਲਾਨਾ ਵਿਕਾਸ ਸੰਮੇਲਨ ਵਿੱਚ F8 ਵਿੱਚ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਸ ਡੇਟਿੰਗ ਐਪ ਜ਼ਰੀਏ ਫੇਸਬੁੱਕ ਮਸ਼ਹੂਰ ਡੇਟਿੰਗ ਐਪ ਟਿੰਡਰ ਨੂੰ ਸਖ਼ਤ ਟੱਕਰ ਦੇਵੇਗਾ।

 

ਕਿਵੇਂ ਹੋਵੇਗਾ ਫੇਸਬੁੱਕ ਦਾ ਡੇਟਿੰਗ ਫੀਚਰ-

ਕੈਲੇਫੋਰਨੀਆ ਦੇ ਸੈਨ ਜੋਸ ਸ਼ਹਿਰ ਵਿੱਚ ਹੋਣ ਵਾਲੀ ਆਪਣੀ ਕਾਨਫ਼ਰੰਸ ਵਿੱਚ ਜ਼ਕਰਬਰਗ ਨੇ ਦੱਸਿਆ ਕਿ ਇਹ ਨਵਾਂ ਡੇਟਿੰਗ ਫੀਚਰ ਇੱਕ ਅਸਲ ਤੇ ਲੰਮੇ ਸਮੇਂ ਤਕ ਦੇ ਰਿਸ਼ਤੇ ਨਭਾਏ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ। ਟਿੰਡਰ ਵਰਗੇ ਐਪ 'ਤੇ ਵਿਅੰਗ ਕਸਦਿਆਂ ਜ਼ਕਰਬਰਗ ਨੇ ਕਿਹਾ ਕਿ ਇਹ ਸਿਰਫ਼ ਹੁੱਕ-ਅਪ ਪਲੇਟਫ਼ਾਰਮ ਨਹੀਂ ਹੋਵੇਗਾ।

ਫੇਸਬੁੱਕ ਦੀ ਡੇਟਿੰਗ ਐਪ 'ਚ ਕੀ ਹੋਵੇਗਾ ਖਾਸ-

ਜ਼ਕਰਬਰਗ ਨੇ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਫੇਸਬੁੱਕ ਯੂਜ਼ਰਜ਼ ਲਈ ਅਜਿਹੀ ਥਾਂ ਬਣੇ ਜਿੱਥੇ ਉਹ ਸੱਚੇ ਰਿਸ਼ਤੇ ਬਣਾ ਸਕਣ। ਇਸ ਲਈ ਉਨ੍ਹਾਂ ਸ਼ੁਰੂਆਤ ਤੋਂ ਹੀ ਯੂਜ਼ਰਜ਼ ਦੀ ਸੁਰੱਖਿਆ ਤੇ ਨਿਜਤਾ ਨੂੰ ਧਿਆਨ ਵਿੱਚ ਰੱਖਿਆ ਹੈ। ਇਸ ਵਿੱਚ ਖਾਸ ਫੀਚਰ ਇਹ ਹੋਵੇਗਾ ਕਿ ਤੁਹਾਡੀ ਮਿੱਤਰ ਸੂਚੀ ਵਿੱਚ ਸ਼ਾਮਲ ਲੋਕ ਤੁਹਾਡੇ ਡੇਟਿੰਗ ਐਪ ਬਾਰੇ ਕੁਝ ਨਹੀਂ ਦੇਖ ਸਕਣਗੇ।



ਚੀਫ਼ ਪ੍ਰੋਡਕਟ ਅਫ਼ਸਰ ਕ੍ਰਿਸ ਕੌਕਸ ਨੇ ਦੱਸਿਆ ਕਿ ਇਹ ਫ਼ੀਚਰ ਯੂਜ਼ਰ ਆਪਣੀ ਮਰਜ਼ੀ ਨਾਲ ਚੁਣ ਸਕਦਾ ਹੈ ਤੇ ਇਹ ਸੁਰੱਖਿਅਤ ਹੋਵੇਗਾ। ਇਸ ਐਲਾਨ ਦੌਰਾਨ ਇੱਕ ਡੈਮੋ ਵਿਖਾਇਆ ਗਿਆ। ਕੌਕਸ ਨੇ ਦੱਸਿਆ ਕਿ ਇਹ ਤੁਹਾਡੇ ਫੇਸਬੁੱਕ ਪ੍ਰੋਫਾਈਲ ਤੋਂ ਬਿਲਕੁਲ ਵੱਖਰਾ ਹੋਵੇਗਾ ਤੇ ਇੱਥੇ ਤੁਹਾਡੇ ਪੂਰੇ ਨਾਂ ਦਾ ਨਹੀਂ ਬਲਕਿ ਨਾਂ ਦੇ ਪਹਿਲੇ ਹਿੱਸੇ ਦੀ ਹੀ ਵਰਤੋਂ ਕਰੇਗਾ। ਖਾਸ ਗੱਲ ਇਹ ਹੋਵੇਗੀ ਕਿ ਇਹ ਪ੍ਰੋਫਾਈਲ ਫੇਸਬੁੱਕ ਨਿਊਜ਼ ਫੀਡ 'ਤੇ ਵਿਖਾਈ ਨਹੀਂ ਦੇਵੇਗੀ।

ਐਲਾਨ ਤੋਂ ਬਾਅਦ ਟਿੰਡਰ ਦੇ ਸ਼ੇਅਰ ਮੂਧੇ ਮੂੰਹ ਡਿੱਗੇ-

ਕਾਨਫਰੰਸ ਵਿੱਚ ਦਿਖਾਏ ਡੈਮੋ ਵਿੱਚ ਇਹ ਐਪ ਮੌਜੂਦਾ ਡੇਟਿੰਗ ਐਪ ਟਿੰਡਰ ਨਾਲ ਕਾਫੀ ਰਲਦਾ-ਮਿਲਦਾ ਸੀ। Bloomberg ਦੀ ਰਿਪੋਰਟ ਮੁਤਾਬਕ ਫੇਸਬੁੱਕ ਦੇ ਡੇਟਿੰਗ ਐਪ ਦੇ ਐਲਾਨ ਤੋਂ ਬਾਅਦ ਮੈਚ ਗਰੁੱਪ (ਟਿੰਡਰ ਦੀ ਮਲਕੀਅਤ ਵਾਲੀ ਕੰਪਨੀ) ਦੇ ਸ਼ੇਅਰ 21% ਤਕ ਹੇਠਾਂ ਆ ਗਏ। ਉੱਧਰ ਮੈਚ ਗਰੁੱਪ ਦੀ ਸੀਈਓ ਮੈਂਡੀ ਗਿੰਸਬਰਗ ਨੇ ਫੇਸਬੁੱਕ ਦੇ ਐਲਾਨ ਤੋਂ ਬਾਅਦ ਤੰਜ਼ ਕਰਦਿਆਂ ਕਿਹਾ ਕਿ ਜਦ ਫੇਸਬੁੱਕ ਯੂਜ਼ਰਜ਼ ਦੀ ਪ੍ਰਾਈਵੇਸੀ ਤੇ ਡੇਟਾ ਚੋਰੀ ਦੇ ਇਲਜ਼ਾਮਾਂ ਵਿੱਚ ਘਿਰਿਆ ਹੋਇਆ ਹੈ, ਉਸ ਸਮੇਂ ਫੇਸਬੁੱਕ ਦਾ ਇਹ ਐਲਾਨ ਹੈਰਾਨੀਜਨਕ ਹੈ।