ਵੱਟਸਐਪ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਕਰ ਸਕੋਗੇ ਗਰੁੱਪ ਕਾਲ
ਏਬੀਪੀ ਸਾਂਝਾ | 02 May 2018 02:16 PM (IST)
ਨਵੀਂ ਦਿੱਲੀ: ਸੋਸ਼ਲ ਐਪਸ ’ਚ ਸਰਦਾਰੀ ਕਾਇਮ ਕਰ ਚੁੱਕੇ ਵਟਸਐਪ ’ਚ ਜਲਦ ਹੀ ਇੱਕ ਹੋਰ ਨਵਾਂ ਫ਼ੀਚਰ ਜੁੜੇਗਾ। ਫੇਸਬੁੱਕ ਦੇ ਸਾਲਾਨਾ ਸਮਾਗਮ ਕਾਨਫ਼ਰੰਸ “ਐਫ 8” 'ਚ ਫੇਸਬੁੱਕ ਸੰਸਥਾਪਕ ਮਾਰਕ ਜੁਕਰਬਰਗ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਜਲਦੀ ਵਟਸਐਪ 'ਤੇ ਗਰੁੱਪ ਕਾਲ ਵੀ ਸੰਭਵ ਹੋਵੇਗੀ। ਵਟਸਐਪ ’ਤੇ ਹੁਣ ਤੱਕ ਯੂਜ਼ਰਜ਼ ਲਈ ਸਿਰਫ਼ ਵਾਈਸ ਕਾਲ ਤੇ ਵੀਡਿਓ ਕਾਲ ਦੀ ਸਹੂਲਤ ਹੀ ਉੱਪਲਬਧ ਸੀ। ਇਹ ਦੋਵੇਂ ਫੀਚਰ ਹੀ ਲੋਕਾਂ 'ਚ ਕਾਫ਼ੀ ਹਰਮਨ ਪਿਆਰੇ ਹਨ। ਅਜਿਹੇ ’ਚ ਗਰੁੱਪ ਵੀਡੀਓ ਕਾਲ ਅਜਿਹਾ ਫ਼ੀਚਰ ਹੈ ਜਿਸ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਸੀ। ਇਸ ਮੌਕੇ ਜੁਕਰਬਰਗ ਨੇ ਦੱਸਿਆ ਕਿ ਵਟਸਐਪ ਦੇ ਸਟੇਟਸ ਫ਼ੀਚਰ ਨੂੰ 450 ਮਿਲੀਅਨ ਯੂਜ਼ਰਜ਼ ਦੁਨੀਆ ਭਰ ਵਿੱਚ ਵਰਤ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਲਾਂਚ ਕੀਤੇ ਗਏ ਬਿਜ਼ਨੈਸ ਐਪ ਨੂੰ ਵੀ ਤਿੰਨ ਮਿਲੀਅਨ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਥੇ ਤਹਾਨੂੰ ਦੱਸ ਦਈਏ ਕਿ ਫੇਸਬੁੱਕ ਨੇ ਆਪਣੇ ਸਾਲਾਨਾ ਡਵੈਲਪਮੈਂਟ ਕਾਨਫ਼ਰੰਸ ਵਿੱਚ ਕੁਝ ਹੋਰ ਵੱਡੇ ਐਲਾਨ ਵੀ ਕੀਤੇ ਹਨ ਜਿਸ ਵਿੱਚ ਫੇਸਬੁੱਕ ਤੇ ਡੇਟਿੰਗ ਫ਼ੀਚਰ ਤੇ ਫੇਸਬੁੱਕ ਬ੍ਰਾਊਜ ਹਿਸਟਰੀ ਹਟਾਉਣ ਦਾ ਆਪਸ਼ਨ ਬਾਰੇ ਕਿਹਾ ਗਿਆ ਹੈ। ਨਵਾਂ ਡੇਟਿੰਗ ਫ਼ੀਚਰ ਰੀਅਲ ਤੇ ਲੌਗ ਟਾਇਮ ਰਿਲੇਸ਼ਲਸ਼ਿਪ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਏਗਾ। ਜ਼ਿਕਰਯੋਗ ਹੈ ਕਿ ਫੇਸਬੁੱਕ ਤੇ ਵਟਸਐਪ ਵਿਸ਼ਵ ’ਚ ਸਭ ਤੋਂ ਵੱਧ ਚਲਾਏ ਜਾਣ ਵਾਲੇ ਐਪ ਹਨ। ਜਿਨ੍ਹਾਂ ਦੇ 1.5 ਮਿਲੀਅਨ ਮਹੀਨਾਵਾਰ ਯੂਜ਼ਰਜ਼ ਹਨ।