ਸਾਨ ਫਰਾਂਸਿਸਕੋ : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਤਮਹੱਤਿਆ ਦੀਆਂ ਵੱਧਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਲਈ ਜਲਦੀ ਹੀ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਲਾਂਚ ਕਰੇਗਾ। ਜੇ ਕੋਈ ਵੀ ਵਿਅਕਤੀ ਆਪਣੇ ਇਨਬਾਕਸ ਜਾਂ ਫੇਸਬੁੱਕ ਲਾਈਵ ਵਿਚ ਅਜਿਹੇ ਨਿਰਾਸ਼ਾਵਾਦੀ ਵਿਚਾਰ ਪ੍ਰਗਟ ਕਰਦਾ ਹੈ ਜਿਸ ਨਾਲ ਉਸ ਦੀ ਆਤਮਹੱਤਿਆ ਕਰਨ ਦੀ ਮਨਸ਼ਾ ਦਾ ਪਤਾ ਚੱਲਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਉਸ ਦੇ ਨੇੜਲੇ ਸਬੰਧੀਆਂ ਅਤੇ ਦੋਸਤਾਂ ਨੂੰ ਦਿੱਤੀ ਜਾਏਗੀ। ਇਸ ਨਾਲ ਕਿਸੇ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਿਆ ਜਾ ਸਕੇਗਾ।

ਫੇਸਬੁੱਕ ਪ੍ਰੋਡਕਟ ਮੈਨੇਜਮੈਂਟ ਦੇ ਉਪ ਪ੍ਰਧਾਨ ਜੀ. ਰੋਸੇਨ ਨੇ ਕਿਹਾ ਕਿ ਇਸ ਕਦਮ ਨਾਲ ਅਸੀਂ ਸਾਈਟ 'ਤੇ ਹੀ ਨਹੀਂ ਸਗੋਂ ਬਾਹਰ ਵੀ ਇਕ ਸੁਰੱਖਿਅਤ ਮਾਹੌਲ ਤਿਆਰ ਕਰ ਸਕਾਂਗੇ। ਇਹ ਟੂਲ ਮੈਸੇਜ ਜਾਂ ਕੁਮੈਂਟ ਬਾਕਸ ਵਿਚ ਲਿਖੇ ਗਏ ਵਾਕ ਜਿਵੇਂ 'ਕੀ ਤੁਸੀਂ ਠੀਕ ਹੋ, ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ' ਵਰਗੇ ਵਾਕਾਂ ਨੂੰ ਸੰਕੇਤ ਦੇ ਰੂਪ ਵਿਚ ਸਮਝੇਗਾ। ਇਸ ਮਿਸ਼ਨ ਦਾ ਹਿੱਸਾ ਕਈ ਮਾਹਿਰ ਹੋਣਗੇ ਜੋ ਲਗਾਤਾਰ ਫੇਸਬੁੱਕ ਲਾਈਵ ਵੀਡੀਓ, ਪੋਸਟ ਅਤੇ ਇਨਬਾਕਸ ਦੀ ਨਿਗਰਾਣੀ ਕਰਨਗੇ।

ਆਰਟੀਫੀਸ਼ੀਅਲ ਇੰਟੈਲੀਜੈਂਸ ਫੇਸਬੁੱਕ ਤੋਂ ਮਿਲੀਆਂ ਜਾਣਕਾਰੀਆਂ ਦਾ ਤਰਜੀਹੀ ਆਧਾਰ 'ਤੇ ਵਿਸ਼ਲੇਸ਼ਣ ਕਰੇਗਾ। ਫਿਰ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਅਨੁਸਾਰ ਹੀ ਕੋਈ ਵੀ ਕਦਮ ਚੁੱਕਿਆ ਜਾਏਗਾ। ਦੱਸਣਯੋਗ ਹੈ ਕਿ 10 ਸਤੰਬਰ ਨੂੰ ਅੰਤਰਰਾਸ਼ਟਰੀ ਆਤਮਹੱਤਿਆ ਰੋਕਥਾਮ ਦਿਵਸ 'ਤੇ ਫੇਸਬੁੱਕ ਨੇ ਭਾਰਤ ਵਿਚ ਆਤਮਹੱਤਿਆ ਰੋਕਣ ਲਈ ਕੰਮ ਕਰ ਰਹੇ ਸੰਗਠਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ।