ਚੰਡੀਗੜ੍ਹ: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਫੇਸਬੁੱਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ‘ਸੁਤੰਤਰ ਤੇ ਨਿਰਪੱਖ’ ਚੋਣਾਂ ਲਈ ਲੋਕਾਂ ਤੇ ਲੀਡਰਾਂ ਨੂੰ ਆਪਣੇ ਪਲੇਟਫਾਰਮ ਜ਼ਰੀਏ ਸੰਵਾਦ ਲਈ ਪ੍ਰੋਤਸਾਹਿਤ ਕਰੇਗਾ। ਹਾਲਾਂਕਿ ਚੋਣਾਂ ਦੌਰਾਨ ਨਫਰਤ ਭਰੇ ਭਾਸ਼ਣਾਂ ਦੇ ਪ੍ਰਸਾਰ ’ਤੇ ਰੋਕ ਲਾਉਣ ਲਈ ਕੰਪਨੀ ਇੱਕ ਟੀਮ ਤਾਇਨਾਤ ਕਰੇਗੀ।

ਫੇਸਬੁੱਕ ਦੇ ਪਬਲਿਕ ਪਾਲਿਸੀ ਈਐਮਈਏ ਦੇ ਮੀਤ ਪ੍ਰਧਾਨ ਰਿਚਰਡ ਐਲਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਲੀਡਰਾਂ ਨਾਲ ਗੱਲਬਾਤ ਕਰਨ ਵਾਲੇ ਲੋਕਾਂ ਦਾ ਸਵਾਗਤ ਕਰਦੇ ਹਨ ਪਰ ਉਹ ਨਹੀਂ ਚਾਹੁੰਦੇ ਕਿ ਲੋਕ ਇਸ ਮੰਚ ਦਾ ਦੁਰਉਪਯੋਗ ਕਰਨ। ਯਾਦ ਰਹੇ ਕਿ ਕੰਪਨੀ ਚੋਣਾਂ ਦੌਰਾਨ ਵਿਚਾਰਾਂ ਨੂੰ ਪ੍ਰਭਾਵਿਤ ਕਰਨ, ਨਫਰਤ ਭਰੇ ਭਾਸ਼ਣਾਂ ਦੇ ਪ੍ਰਸਾਰ ਤੇ ਹੋਰ ਮੁੱਦਿਆਂ ਸਬੰਧੀ ਆਲੋਚਨਾਵਾਂ ਦਾ ਸਾਹਮਣਾ ਕਰਦੀ ਰਹੀ ਹੈ।

ਨਫਰਤ ਫੈਲਾਉਣ ਵਾਲਿਆਂ ’ਤੇ ਫੇਸਬੁੱਕ ਦੀ ਲਗਾਮ

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਦੇ ਪ੍ਰਸਾਰ ਨੂੰ ਰੋਕਣ ਲਈ ਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਕੰਪਨੀ ਆਪਣੇ ਪਲੇਟਫਾਰਮ ਤੋਂ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀ ਸਮੱਗਰੀ ਆਪਣੇ ਮੰਚ ਤੋਂ ਹਟਾ ਦੇਵੇਗੀ। ਐਲਨ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਵੱਖੋ-ਵੱਖਰੇ ਤਰੀਕਿਆਂ ਨਾਲ ਦੁਰਉਪਯੋਗ ਕੀਤਾ ਜਾਂਦਾ ਹੈ ਪਰ ਉਨ੍ਹਾਂ ਦਾ ਸਿਧਾਂਤ ਇੱਕ ਹੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਇਸ ਮੁੱਦੇ ਨੂੰ ਸੁਲਝਾਉਣ ਲਈ ਆਪਣੀ ਨੀਤੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕੰਮ ਕਰ ਰਹੀ ਹੈ।