ਲੰਦਨ: ਕਾਰ ਨਿਰਮਾਤਾ ਕੰਪਨੀ ਰੋਲਸ ਰਾਇਸ 400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਣ ਵਾਲੀ ਟੈਕਸੀ ਬਣਾ ਰਹੀ ਹੈ। 2020 ਤੋਂ ਪਹਿਲਾਂ ਇਸ ਨੂੰ ਲਾਂਚ ਕਰ ਦਿੱਤਾ ਜਾਏਗਾ। ਇਸ ਵਿੱਚ ਪੰਜ ਯਾਤਰੀਆਂ ਦੇ ਬੈਠਣ ਦੀ ਸਮਰਥਾ ਹੈ। ਟੈਕਸੀ ਨੂੰ ਇੱਕ ਵਾਰ ਚਾਰਜ ਕਰਕੇ 800 ਕਿਲੋਮੀਟਰ ਤਕ ਦੀ ਦੂਰੀ ਤੈਅ ਕੀਤੀ ਜਾ ਸਕਦੀ ਹੈ।

ਕੰਪਨੀ ਮੁਤਾਬਕ ਇਸੇ ਹਫ਼ਤੇ ਹੈਂਪਸ਼ਾਇਰ ਵਿੱਚ ਹੋਣ ਵਾਲੇ ਏਅਰ ਸ਼ੋਅ ਵਿੱਚ ਇਸ ਦਾ ਪ੍ਰਦਰਸ਼ਨ ਕੀਤਾ ਜਾਏਗਾ। ਇਸ ਏਅਰ ਸ਼ੋਅ ਵਿੱਚ ਵਿਸ਼ਵ ਦੀਆਂ ਕਈ ਵੱਡੀਆਂ ਕੰਪਨੀਆਂ ਵੀ ਆਪਣਾ ਹੁਨਰ ਵਿਖਾਉਣਗੀਆਂ। ਇਸ ਤੋਂ ਰੋਲਸ ਰਾਇਸ ਪਹਿਲਾਂ ਹਵਾਈ ਜਹਾਜ਼, ਹੈਲੀਕਾਪਟਰ ਤੇ ਸ਼ਿਪ ਇੰਜਣ ਬਣਾ ਚੁੱਕੀ ਹੈ।

ਇਸ ਟੈਕਸੀ ਵਿੱਚ ਕੰਪਨੀ ਆਪਣੀ ਐਮ250 ਗੈਸ ਟਰਬਾਈਨ ਤਕਨੀਕ ਦਾ ਇਸਤੇਮਾਲ ਕਰ ਕੇ 500 ਕਿਲੋਵਾਟ ਦੀ ਊਰਜਾ ਉਤਪੰਨ ਕਰੇਗੀ। ਇਸ ਵਿੱਚ ਘੱਟ ਆਵਾਜ਼ ਦੇਣ ਵਾਲਾ ਇੰਝਣ ਵਰਤਿਆ ਗਿਆ ਹੈ। ਇਸ ਦੇ ਹਾਈਬ੍ਰਿਡ ਡਿਜ਼ਾਈਨ ਕਰਕੇ ਇਸ ਨੂੰ ਵਾਰ-ਵਾਰ ਚਾਰਜ ਕਰਨ ਦੀ ਲੋੜ ਨਹੀਂ ਪਏਗੀ। ਇਸ ਵਿੱਚ ਲੱਗੇ ਵਿੰਗ 90 ਡਿਗਰੀ ਤਕ ਘੁੰਮ ਸਕਣਗੇ, ਜਿਸ ਨਾਲ ਇਹ ਸਿੱਧਾ ਟੇਕਆਫ ਤੇ ਲੈਂਡਿੰਗ ਕਰ ਸਕਦੀ ਹੈ।