ਨਵੀਂ ਦਿੱਲੀ: 251 ਰੁਪਏ ਵਿੱਚ ਘਰ-ਘਰ ਸਮਾਰਟਫੋਨ ਪਹੁੰਚਾਉਣ ਵਾਲੀ ਰਿੰਗਿੰਗ ਬੈੱਲਜ਼ ਕੰਪਨੀ ਦੇ ਐਮਡੀ ਮੋਹਿਤ ਗੋਇਲ ਸਹਿਤ ਤਿੰਨ ਜਣਿਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਸਾਲ ਕੰਪਨੀ ਦੇ ਵਿਵਾਦਾਂ ਦਾ ਮੁੱਦਾ ਸੰਸਦ ਵਿੱਚ ਚੁੱਕੇ ਜਾਣ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਰਿੰਗਿੰਗ ਬੈੱਲਜ਼ ਖ਼ਿਲਾਫ਼ ਪੌਂਜੀ ਸਕੈਮ ਤੇ ਧੋਖਾਧੜੀ ਦੀਆਂ ਕਈ ਸ਼ਿਕਾਇਤਾਂ ਆਈਆਂ। ਗਾਜ਼ੀਆਬਾਦ ਪੁਲਿਸ ਨੇ ਵੀ ਪਿਛਲੇ ਸਾਲ ਫਰਵਰੀ ਵਿੱਚ ਗੋਇਲ ਨੂੰ ਧੋਖਾਧੜੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ 31 ਮਈ ਨੂੰ ਜ਼ਮਾਨਤ ਮਿਲੀ ਸੀ।

 

ਤਕਰੀਬਨ ਇੱਕ ਸਾਲ ਪਹਿਲਾਂ ਭਾਰਤ ਵਿੱਚ ਇੱਕ ਫੋਨ ਆਇਆ ਸੀ ਜਿਸ ਦੀ ਕੀਮਤ 251 ਰੁਪਏ ਰੱਖੀ ਗਈ ਸੀ। ਇਸ ਨੂੰ ਰਿੰਗਿਗ ਬੈੱਲਜ਼ ਕੰਪਨੀ ਨੇ ਲਾਂਚ ਕੀਤਾ ਸੀ। ਇਹ ਦੁਨੀਆ ਦਾ ਸਭ ਤੋਂ ਸਸਤਾ ਫੋਨ ਮੰਨਿਆ ਗਿਆ ਜਿਸ ਨੂੰ ਮਹਿਜ਼ 251 ਰੁਪਏ ਵਿੱਚ ਖਰੀਦਿਆ ਜਾ ਸਕਦਾ ਸੀ। ਕਈ ਲੋਕਾਂ ਨੇ ਇਸ ਫੋਨ ਲਈ ਰਜਿਸਟਰ ਕੀਤਾ ਸੀ ਪਰ ਅੱਜ ਤਕ ਕਿਸੇ ਨੂੰ ਇਹ ਫੋਨ ਨਹੀਂ ਮਿਲਿਆ।

ਮੋਹਿਤ ਨੇ ਦੱਸਿਆ ਕਿ ਉਨ੍ਹਾਂ ਨੂੰ  ਸਸਤਾ ਫੋਨ ਬਣਾਉਣ ਦੀ ਪ੍ਰੇਰਣਾ ਕੰਮ ਕਰਨ ਵਾਲੀ ਤੋਂ ਮਿਲੀ ਸੀ ਜਿਸ ਨੇ ਘਰ ਫੋਨ ਕਰਨ ਲਈ ਫੋਨ ਉਧਾਰ ਮੰਗਿਆ ਸੀ। ਇਸ ਪਿੱਛੋਂ ਉਸ ਨੇ ਇੰਟਰਨੈੱਟ ’ਤੇ ਸਰਚ ਕੀਤਾ ਤੇ ਪਤਾ ਲੱਗਾ ਦੇਸ਼ ਵਿੱਚ ਸਿਰਫ 30 ਕਰੋੜ ਲੋਕਾਂ ਕੋਲ ਹੀ ਸਮਾਰਟਫੋਨ ਹਨ। ਇਸ ਪਿੱਛੋਂ ਉਨ੍ਹਾਂ ਸਸਤੇ ਫੋਨ ਬਣਾਉਣ ਦੀ ਯੋਜਨਾ ਬਣਾਈ ਸੀ।

ਨਵੰਬਰ 2016 ਵਿੱਚ ਕੰਪਨੀ ਨੇ 251 ਰੁਪਏ ਦੇ 2 ਲੱਖ ਫੋਨ ਦੀਆਂ ਬੁਕਿੰਗ ਦੇਣ ਦਾ ਦਾਅਵਾ ਕੀਤਾ ਸੀ। ਇਸ ਫੋਨ ਲਈ ਦੇਸ਼ ਦੇ ਕਰੋੜਾਂ ਲੋਕਾਂ ਨੇ ਰਜਿਸਟਰੇਸ਼ਨ ਕਰਾਈ ਸੀ। ਪਰ ਬਾਅਦ ਵਿੱਚ ਬੁਕਿੰਗ ਬੰਦ ਹੋ ਗਈ ਤੇ ਫੋਨ ਵੀ ਲੋਕਾਂ ਦੇ ਘਰਾਂ ਤਕ ਨਹੀਂ ਪੁੱਜੇ। ਕੰਪਨੀ ਦੇ ਮਾਲਕ ’ਤੇ ਡਿਸਟਰੀਬਿਊਟਰਾਂ ਦੇ ਕਰੀਬ 60 ਕਰੋੜ ਰੁਪਏ ਲੈਣ ਦੇ ਇਲਜ਼ਾਮ ਹਨ।