ਨਵੀਂ ਦਿੱਲੀ: ਇੱਕ ਰਿਪੋਰਟ ਮੁਤਾਬਕ ਅਮਰੀਕਾ ਦੇ ਡੇਟਰਾਇਟ ਸ਼ਹਿਰ ਦੀ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਸੈਮਸੰਗ ਗਲੈਕਸੀ ਦੀ ਵਜ੍ਹਾ ਕਾਰਨ ਉਸ ਦੀ ਜਾਨ ਜਾ ਸਕਦੀ ਸੀ। ਮਹਿਲਾ ਆਪਣੀ ਕਾਰ ਚਲਾ ਰਹੀ ਸੀ। ਇਸੇ ਦੌਰਾਨ ਕਾਰ ’ਚ ਪਏ ਸੈਮਸੰਗ ਗਲੈਕਸੀ S8 (2017 ਮਾਡਲ) ਤੇ ਗਲੈਕਸੀ S4 (2013 ਮਾਡਲ) ਨੂੰ ਅੱਗ ਲੱਗ ਗਈ। ਮਹਿਲਾ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਕਾਰ ਵਿੱਚੋਂ ਬਾਹਰ ਨਿਕਲੀ। ਦੇਖਦੇ ਹੀ ਦੇਖਦੇ ਪੂਰੀ ਕਾਰ ਸੜ ਕੇ ਸਵਾਹ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਅੱਗ ਲੱਗਣ ਦਾ ਕਾਰਨ ਦੋਵੇਂ ਸਮਾਰਟਫੋਨ ਦੱਸੇ ਜਾ ਰਹੇ ਹਨ।


 

ਸੈਮਸੰਗ ਨੇ ਇਸ ਘਟਨਾ ਦੀ ਜਾਂਚ ਲਈ ਮੌਕੇ ’ਤੇ ਆਪਣੀ ਟੀਮ ਭੇਜ ਦਿੱਤੀ ਹੈ। ਘਟਨਾ ’ਤੇ ਸੈਮਸੰਗ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਆਪਣੇ ਲੱਖਾਂ ਗਾਹਕਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹਨ। ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਜਦੋਂ ਤਕ ਉਨ੍ਹਾਂ ਨੂੰ ਪੁਖ਼ਤਾ ਸਬੂਤ ਨਹੀਂ ਮਿਲ ਜਾਂਦੇ ਉਹ ਘਟਨਾ ਦੇ ਪਿੱਛੇ ਦੀ ਵਜ੍ਹਾ ਨਹੀਂ ਦੱਸ ਸਕਦੇ। ਦੂਜੇ ਪਾਸੇ ਡੇਟਰਾਇਟ ਦੇ ਫਾਇਰ ਵਿਭਾਗ ਨੇ ਕਿਹਾ ਕਿ ਅੱਗ ਗੱਡੀ ’ਚ ਪਏ ਦੋਵਾਂ ਫੋਨਜ਼ ਦੀ ਵਜ੍ਹਾ ਕਾਰਨ ਲੱਗੀ ਹੈ।

ਸੈਮਸੰਗ ਨੇ ਸਾਲ 2016 ਵਿੱਚ ਗਲੈਕਸੀ ਨੋਟ 7 ਉਤਾਰਿਆ ਸੀ ਜਿਸ ਦੇ ਲਾਂਚ ਦੇ ਕੁਝ ਦਿਨਾਂ ਬਾਅਦ ਹੀ ਇਸ ਦੀ ਬੈਟਰੀ ਫਟਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਸੀ। ਅਜਿਹੇ ਕਾਫ਼ੀ ਮਾਮਲੇ ਸਾਹਮਣੇ ਆਉਣ ਪਿੱਛੋਂ ਸੈਮਸੰਗ ਨੇ ਆਪਣੇ ਗਲੈਕਸੀ ਨੋਟ 7 ਨੂੰ ਬਾਜ਼ਾਰ ਤੋਂ ਵਾਪਸ ਲੈ ਲਿਆ ਸੀ।