ਨਵੀਂ ਦਿੱਲੀ: ਮਸ਼ਹੂਰ ਗੇਮਿੰਗ ਕੰਪਨੀ ਰੇਜ਼ਰ ਦੇ ਨਵੇਂ ਲਾਂਚ ਹੋਏ ਰੇਜ਼ਰ ਫੋਨ ਨੇ ਏਸ਼ੀਆ ਦੇ ਬਾਜ਼ਾਰ 'ਚ ਐਂਟਰੀ ਕਰ ਲਈ ਹੈ। ਸਭ ਤੋਂ ਪਹਿਲਾਂ ਇਸ ਨੂੰ ਏਸ਼ੀਆ 'ਚ ਸਿੰਗਾਪੁਰ ਦੇ ਬਾਜ਼ਾਰ ਲਈ ਲਾਂਚ ਕੀਤਾ ਗਿਆ ਹੈ। ਗੇਮ ਦੇ ਦੀਵਾਨਿਆਂ ਲਈ ਇਹ ਸਮਾਰਟਫੋਨ ਬਿਲਕੁਲ ਸਹੀ ਸਾਬਤ ਹੋਵੇਗਾ। ਇਸ 'ਚ ਅਲਟ੍ਰਾਮੋਸ਼ਨ ਡਿਸਪਲੇ ਦਿੱਤੀ ਗਈ ਹੈ। ਅਮਰੀਕਾ 'ਚ ਇਸ ਦੀ ਕੀਮਤ 699 ਡਾਲਰ (ਕਰੀਬ 45,000 ਰੁਪਏ) ਹੈ।
ਸਿੰਗਾਪੁਰ 'ਚ ਰੇਜ਼ਰ ਫੋਨ ਦੀ ਸ਼ੁਰੂਆਤੀ 200 ਪ੍ਰੀ-ਬੁਕਿੰਗ ਕਰਨ ਵਾਲਿਆਂ ਨੂੰ ਕੰਪਨੀ ਵੱਲੋਂ ਰੇਜ਼ਰ ਹੈਮਰਹੈਡ ਬਲੂਟੂਥ ਹੈਡਸੈੱਟ ਦਿੱਤਾ ਜਾਵੇਗਾ। ਇਸ ਦੀ ਕੀਮਤ 169 ਡਾਲਰ (ਕਰੀਬ 10,000 ਰੁਪਏ) ਰੱਖੀ ਗਈ ਹੈ। ਇੱਕ ਦਸੰਬਰ ਤੋਂ ਸਿੰਗਾਪੁਰ 'ਚ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਭਾਰਤ 'ਚ ਇਹ ਫੋਨ ਕਦੋਂ ਪੁੱਜੇਗਾ, ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਫੋਨ 'ਚ ਐਂਡ੍ਰਾਇਡ 7.1 ਨੌਗਟ ਹੈ। ਇਸ ਨੂੰ ਅਪਗ੍ਰੇਡ ਵੀ ਕੀਤਾ ਜਾ ਸਕਦਾ ਹੈ। ਫੋਨ 'ਚ 5.72 ਇੰਚ ਦੀ IGZO LCD ਅਲਟ੍ਰਾਮੋਸ਼ਨ ਡਿਸਪਲੇ ਦਿੱਤੀ ਗਈ ਹੈ। ਇਸ ਦੀ ਰਿਜ਼ਾਲਿਊਸ਼ਨ 1440x2560 ਪਿਕਸਲ ਹੋਵੇਗੀ। ਇਹ ਗੋਰਿਲਾ ਗਲਾਸ ਨਾਲ ਬਣਿਆ ਹੈ ਜਿਹੜਾ ਕਿ 3 ਲੇਅਰਾਂ ਦੀ ਪ੍ਰੋਟੈਕਸ਼ਨ ਦੇ ਨਾਲ ਹੈ।
ਫੋਨ 'ਚ 12 ਮੈਗਾਪਿਕਸਲ ਦਾ ਡੁਅਲ ਕੈਮਰਾ ਸੈਟਅਪ ਹੈ। ਇਸ ਦੇ ਨਾਲ ਹੀ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ। ਇਸ ਦੀ ਸਟੋਰੇਜ 64 ਜੀਬੀ ਹੈ ਜਿਸ ਨੂੰ 2 ਟੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਬੈਟਰੀ 4000 ਐਮਏਐਚ ਹੈ।