ਚੰਡੀਗੜ੍ਹ: iPhone 8 ਤੇ iPhone X ਲਾਂਚ ਹੋਣ ਤੋਂ ਬਾਅਦ ਭਲਕੇ ਗੂਗਲ ਵੀ ਆਪਣੇ ਦੋ ਉੱਚ ਦਰਜੇ ਦੇ ਸਮਾਰਟਫ਼ੋਨ ਪਿਕਸਲ 2 ਤੇ ਪਿਕਸਲ 2 XL ਨਾਲ ਬਾਜ਼ਾਰ ਵਿੱਚ ਦਸਤਕ ਦੇਣ ਵਾਲੀ ਹੈ। ਗੂਗਲ ਨੇ ਇਹ ਫ਼ੋਨ ਵੱਡੀ ਸਮਾਰਟਫ਼ੋਨ ਕੰਪਨੀ HTC ਨਾਲ ਸਾਂਝੇ ਤੌਰ 'ਤੇ ਤਿਆਰ ਕੀਤਾ ਹੈ। ਗੂਗਲ ਨੇ ਇਸ ਫ਼ੋਨ ਵਿੱਚ ਜੋ ਫੀਚਰਜ਼ ਦਿੱਤੇ ਹਨ, ਉਸ ਤੋਂ ਇਹ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵਾਰ ਗੂਗਲ ਤੇ ਐਪਲ ਵਿੱਚ ਜ਼ਬਰਦਸਤ ਟੱਕਰ ਹੋਣ ਵਾਲੀ ਹੈ। ਕੈਮਰੇ ਤੋਂ ਲੈ ਕੇ ਆਪ੍ਰੇਟਿੰਗ ਸਿਸਟਮ ਤਕ ਗੂਗਲ ਨੇ ਕੁਝ ਵੱਖਰਾ ਤੇ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਕਰੀਨ ਦੇ ਮਾਮਲੇ ਵਿੱਚ ਵੀ ਗੂਗਲ ਦਾ ਪਿਕਸਲ 2 XL 18:9 ਦੇ ਅਨੁਪਾਤ ਵਿੱਚ 6 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ। ਗੂਗਲ ਨੇ ਪਿਕਸਲ ਸੀਰੀਜ਼ ਦੇ ਪਿਛਲੇ ਸਮਾਰਟਫ਼ੋਨ ਦੇ ਮੁਕਾਬਲੇ ਪਿਕਸਲ ਦੋ ਵਿੱਚ ਕੈਮਰੇ ਦੀ ਗੁਣਵੱਤਾ ਵਿੱਚ ਸੁਧਾਰ ਤਾਂ ਲਾਜ਼ਮੀ ਕੀ ਕੀਤਾ ਹੋਵੇਗਾ ਪਰ ਇੱਕ ਪੱਖ ਜਿਸ ਤੋਂ ਇਹ ਫ਼ੋਨ ਪਛੜ ਸਕਦਾ ਹੈ, ਉਹ ਵੀ ਕੈਮਰਾ ਹੀ ਹੈ। ਇਸ ਸ਼੍ਰੇਣੀ ਦੇ ਹੋਰ ਫ਼ੋਨਾਂ ਜਿਵੇਂ ਸੈਮਸੰਗ ਨੋਟ 8, ਆਈਫ਼ੋਨ 8 ਤੇ ਆਈਫ਼ੋਨ ਐਕਸ ਵਿੱਚ ਡੂਅਲ ਕੈਮਰਾ ਦਾ ਵਿਕਲਪ ਆ ਰਿਹਾ ਹੈ ਜੋ ਗੂਗਲ ਪਿਕਸਲ ਵਿੱਚ ਨਹੀਂ। ਇਸ ਲਈ ਪਿਕਸਲ ਡਿਜੀਟਲ ਜ਼ੂਮ ਕਰਨ ਦੇ ਹੀ ਸਮਰੱਥ ਹੋਵੇਗਾ। ਇਸ ਫ਼ੋਨ ਦੇ ਟੀਜ਼ਰ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਔਰੀਓ ਐਂਡ੍ਰੌਇਡ ਦਾ ਆਪ੍ਰੇਟਿੰਗ ਸਿਸਟਮ ਹੋਵੇਗਾ। ਇਹ ਹਾਲੇ ਤਕ ਕਿਸੇ ਵੀ ਐਂਡ੍ਰੌਇਡ ਡਿਵਾਇਸ ਵਿੱਚ ਮੌਜੂਦ ਨਹੀਂ ਹੈ। ਆਸ ਕੀਤੀ ਜਾ ਰਹੀ ਹੈ ਕਿ ਗੂਗਲ ਦੇ ਇਹ ਦੋਵੇਂ ਸਮਾਰਟਫ਼ੋਨ ਗੇਮਜ਼ ਦੇ ਮਾਮਲੇ ਵਿੱਚ ਕਮਾਲ ਹੋਣਗੇ।