ਨਵੀਂ ਦਿੱਲੀ: ਟਾਟਾ ਮੋਟਰਜ਼ ਆਪਣੀ ਇਲੈਕਟ੍ਰਿਕ ਪਾਵਰਟ੍ਰੇਨ ਨਾਲ ਕੰਪੈਕਟ ਸਿਡਾਨ ਟਿਗੋਰ ਗੁਜਰਾਤ ਦੇ ਸਾਣੰਦ ਪਲਾਂਟ 'ਚ ਬਣਾਵੇਗੀ। ਟਾਟਾ ਮੋਟਰਜ਼ ਨੂੰ ਸਰਕਾਰੀ ਕੰਪਨੀ ਐਨਰਜੀ ਐਫੀਸ਼ਿਐਂਸੀ ਲਿਮਟਿਡ (ਈਈਐਸਐਲ) ਤੋਂ 1,120 ਕਰੋੜ ਰੁਪਏ ਦਾ 10,000 ਇਲੈਕਟ੍ਰਿਕ ਕਾਰਾਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ। ਈਈਐਸਐਲ ਮਿਨਿਸਟਰੀ ਆਫ ਪਾਵਰ ਦੇ ਅੰਡਰ ਆਉਂਦੀ ਹੈ। ਪੰਜ ਸਾਲ ਦੀ ਵਾਰੰਟੀ ਵਾਲੀਆਂ ਇਨ੍ਹਾਂ ਸਾਰੀਆਂ ਕਾਰਾਂ ਨੂੰ ਅਗਲੇ 9 ਮਹੀਨੇ ਦੇ ਅੰਦਰ ਈਈਐਸਐਲ ਨੂੰ ਦੇਣਾ ਹੋਵੇਗਾ। ਕੰਪਨੀ ਸੂਤਰਾਂ ਦਾ ਕਹਿਣਾ ਹੈ ਕਿ ਟਿਗੋਰ ਦੇ ਇਲੈਕਟ੍ਰਿਕ ਵੈਰੀਐਂਟ ਦਾ ਪ੍ਰੋਡਕਸ਼ਨ ਸਾਣੰਦ ਪਲਾਂਟ 'ਚ ਕੀਤਾ ਜਾਵੇਗਾ। ਫਿਲਹਾਲ ਕੰਪਨੀ ਦੇ ਗੁਜਰਾਤ ਵਾਲੇ ਪਲਾਂਟ 'ਚ ਹੈਚਬੈਕ ਟਿਆਗੋ ਤੇ ਐਂਟਰੀ ਲੈਵਲ ਨੈਨੋ ਕਾਰ ਹੀ ਬਣਾਈ ਜਾਂਦੀ ਹੈ। ਇਸ ਦੀ ਸਾਲਾਨਾ ਪ੍ਰੋਡਕਸ਼ਨ 2.5 ਲੱਖ ਯੁਨਿਟ ਹੈ। ਟਾਟਾ ਮੋਟਰਜ਼ ਆਪਣੇ ਕੁਝ ਮਾਡਲਾਂ ਲਈ ਇਲੈਕਟ੍ਰਿਕ ਪਾਵਰਟ੍ਰੇਨ ਤਕਨੀਕ ਇਸਤੇਮਾਲ ਕਰਨ 'ਤੇ ਵੀ ਕੰਮ ਕਰ ਰਹੀ ਹੈ। ਟਾਟਾ ਮੋਟਰਜ਼ ਨੂੰ ਇੰਟਰਨੈਸ਼ਨਲ ਕੰਪੀਟੇਟਿਵ ਬਿਡਿੰਗ ਦੌਰਾਨ ਚੁਣਿਆ ਗਿਆ। ਇਸ 'ਚ ਮਹਿੰਦਰਾ ਐਂਡ ਮਹਿੰਦਰਾ, ਨਿਸਾਨ ਵਰਗੀਆਂ ਕੰਪਨੀਆਂ ਨੇ ਹਿੱਸਾ ਲਿਆ ਸੀ। ਡੀਲ ਤਹਿਤ ਟਾਟਾ ਮੋਟਰਜ਼ ਟਿਗੋਰ ਦੇ ਇਲੈਕਟ੍ਰਿਕ ਵੈਰੀਐਂਟ ਦੀ ਕੀਮਤ 10.16 ਲੱਖ ਰੱਖੇਗੀ। ਜੀਐਸਟੀ ਜੋੜ ਕੇ ਇਸ ਦੀ 11.2 ਲੱਖ ਰੁਪਏ ਹੋਵੇਗੀ।