ਗੂਗਲ ਮੈਪ ਵੱਲੋਂ ਦੁਕਾਨਾਂ ਵਾਲਿਆਂ ਨਾਲ ਸਿੱਧੀ ਚੈਟ ਕਰਨ ਦੀ ਸੁਵਿਧਾ
ਏਬੀਪੀ ਸਾਂਝਾ | 16 Nov 2018 03:11 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਰਸਤਾ ਲੱਭਣ ਤੇ ਗੁਆਚ ਜਾਣ 'ਤੇ ਗੂਗਲ ਮੈਪਸ ਤੁਹਾਨੂੰ ਹਮੇਸ਼ਾ ਮੁਸ਼ਕਲ ਵਿੱਚੋਂ ਕੱਢਦਾ ਹੈ ਪਰ ਹੁਣ ਗੂਗਲ ਮੈਪਸ ਤੁਹਾਡੇ ਲਈ ਵਿਸ਼ੇਸ਼ ਸੁਵਿਧਾ ਲੈ ਕੇ ਆਇਆ ਹੈ, ਜਿਸ ਨਾਲ ਤੁਸੀਂ ਕਿਸੇ ਦੁਕਾਨ ਜਾਂ ਵਪਾਰਕ ਅਦਾਰੇ ਨਾਲ ਸਿੱਧੇ ਹੀ ਚੈਟ ਕਰ ਸਕਦੇ ਹੋ, ਉਹ ਵੀ ਕਿਸੇ ਹੋਰ ਐਪ ਦੀ ਮਦਦ ਲਏ ਬਗ਼ੈਰ। ਗੂਗਲ ਨੇ ਬੁੱਧਵਾਰ ਨੂੰ ਆਪਣਾ ਫ਼ੀਚਰ ਉਤਾਰਿਆ ਹੈ, ਜਿਸ ਤਹਿਤ ਵਰਤੋਂਕਾਰ ਨੂੰ ਮੈਪਸ ਵਿੱਚ ਹੀ ਮੈਸੇਜ ਭੇਜਣ ਦੀ ਸੁਵਿਧਾ ਜੋੜ ਦਿੱਤੀ ਹੈ। ਇਸ ਦੀ ਸਹਾਇਤਾ ਨਾਲ ਯੂਜ਼ਰ ਹੁਣ ਵਪਾਰਕ ਅਦਾਰੇ ਨਾਲ ਸਵਾਲ ਜਵਾਬ ਕਰ ਸਕਦੇ ਹਨ ਤੇ ਇੱਥੋਂ ਹੀ ਆਪਣਾ ਆਰਡਰ ਵੀ ਦੇ ਸਕਦੇ ਹਨ। ਪਿਛਲੇ ਸਾਲ ਕਈ ਦੇਸ਼ਾਂ ਵਿੱਚ ਗੂਗਲ ਮੈਪਸ ਵਿੱਚ ਇਹ ਫੀਚਰ ਉਤਾਰਿਆ ਸੀ। ਹੁਣ ਅਜ਼ਮਾਇਸ਼ ਤੋਂ ਬਾਅਦ ਪੂਰੀ ਦੁਨੀਆ ਵਿੱਚ ਇਸ ਨੂੰ ਉਤਾਰਿਆ ਜਾ ਰਿਹਾ ਹੈ। ਗੂਗਲ ਮੈਪਸ ਵਿੱਚ ਪਹਿਲਾਂ ਹੀ ਰੇਟਿੰਗ ਵਗੈਰਾ ਸਬੰਧੀ ਫੀਚਰ ਜੋੜੇ ਜਾ ਚੁੱਕੇ ਹਨ, ਪਰ ਇਹ ਰੇਟਿੰਗ ਹਰ ਵਿਅਕਤੀ ਦੇ ਸ਼ੰਕਿਆਂ ਦਾ ਨਿਵਾਰਨ ਨਹੀਂ ਕਰ ਸਕਦੀਆਂ। ਇਸ ਲਈ ਗੂਗਲ ਨੇ ਹੁਣ ਸਿੱਧੀ ਗੱਲਬਾਤ ਕਰਨ ਦੀ ਸੁਵਿਧਾ ਵੀ ਆਪਣੇ ਯੂਜ਼ਰਜ਼ ਨੂੰ ਦੇ ਦਿੱਤੀ ਹੈ।