ਆਧਾਰ ਨਾਲ ਜੋੜੋ ਮੋਬਾਈਲ ਨੰਬਰ ਨਹੀਂ ਤਾਂ ਹੋ ਜਾਣਗੇ ਬੰਦ!
ਏਬੀਪੀ ਸਾਂਝਾ | 03 Nov 2017 12:16 PM (IST)
ਨਵੀਂ ਦਿੱਲੀ: ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਬਿਨਾ ਕਿਸੇ ਰੁਕਾਵਟ ਦੇ ਇਸਤੇਮਾਲ ਕਰਦੇ ਰਹਿਣਾ ਚਾਹੁੰਦੇ ਹੋ ਤਾਂ ਇਸ ਨੂੰ ਤੁਰੰਤ ਆਧਾਰ ਨਾਲ ਲਿੰਕ ਕਰਵਾ ਲਵੋ ਨਹੀਂ ਤਾਂ ਤੁਹਾਡੇ ਮੋਬਾਈਲ ਦੀਆਂ ਸੇਵਾਵਾਂ ਬੰਦ ਹੋ ਸਕਦੀਆਂ ਹਨ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਮੋਬਾਈਲਧਾਰਕਾਂ ਨੂੰ ਛੇ ਫਰਵਰੀ ਤੱਕ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਜੋੜਨ ਲਈ ਕਿਹਾ ਹੈ। ਸਰਕਾਰ ਨੇ ਕੋਰਟ 'ਚ ਕਿਹਾ ਕਿ ਸਾਰੇ ਮੋਬਾਈਲ ਫੋਨ ਨੰਬਰ ਨੂੰ ਈ-ਕੇਵਾਈਸੀ ਵੈਰੀਫਿਕੇਸ਼ਨ ਤਹਿਤ ਆਧਾਰ ਨਾਲ ਲਿੰਕ ਕਰਵਾਉਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਨਵੇਂ ਬੈਂਕ ਖਾਤੇ ਖੁੱਲ੍ਹਵਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ ਹੈ। ਛੇ ਫਰਵਰੀ ਤੱਕ ਸਾਰੇ ਯੂਜ਼ਰ ਅਜਿਹਾ ਕਰਨ। ਛੇ ਫਰਵਰੀ, 2017 ਨੂੰ ਸੁਪਰੀਮ ਕੋਰਟ ਨੇ ਐਟਾਰਨੀ ਜਨਰਲ ਦੇ ਬਿਆਨ ਤੇ ਸਰਕਾਰ ਦੇ ਹਲਫਨਾਮੇ ਦੇ ਆਧਾਰ 'ਤੇ ਮੋਬਾਈਲ ਨੰਬਰ ਵੈਰੀਫਿਕੇਸ਼ਨ ਵਾਲੇ ਮਾਮਲੇ ਦਾ ਹਲ ਕੀਤਾ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕੀਤੇ ਜਾਣ ਖਿਲਾਫ ਦਾਇਰ ਪਟੀਸ਼ਨ 'ਤੇ ਸਰਕਾਰ ਤੇ ਮੋਬਾਈਲ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਸਰਕਾਰ ਨੇ 12 ਨੰਬਰਾਂ ਦੇ ਆਧਾਰ ਨੰਬਰ ਨੂੰ ਮੋਬਾਈਲ ਨੰਬਰ ਨਾਲ ਜੋੜਣ ਲਈ ਵਨ ਟਾਈਮ ਪਾਸਵਰਡ (ਓਟੀਪੀ) ਸਣੇ ਤਿੰਨ ਨਵੇਂ ਤਰੀਕੇ ਪੇਸ਼ ਕੀਤੇ ਹਨ। ਵਨ ਟਾਇਮ ਪਾਸਵਰਡ, ਐਪ ਆਧਾਰਿਤ ਤੇ ਇੰਟਰੈਕਟਿਵ ਵਾਇਸ ਰਿਸਪਾਂਸ (ਆਈਵੀਆਰਐਸ)। ਇਨ੍ਹਾਂ ਤਿੰਨਾਂ ਤਰੀਕਿਆਂ ਨਾਲ ਆਪਣੇ ਆਧਾਰ ਨੰਬਰ ਨੂੰ ਮੋਬਾਈਲ ਨੰਬਰ ਨਾਲ ਜੋੜਿਆ ਜਾ ਸਕਦਾ ਹੈ। ਸਿਰਫ ਆਪਣਾ ਆਧਾਰ ਨੰਬਰ ਲੈ ਕੇ ਨਜ਼ਦੀਕੀ ਸਟੋਰ ਤੱਕ ਜਾਣਾ ਹੋਵੇਗਾ। ਵੈਰੀਫਾਈ ਹੋਣ ਤੋਂ ਬਾਅਦ ਇਸ ਨੂੰ ਐਡ ਕਰ ਦਿੱਤਾ ਜਾਵੇਗਾ।