ਨਵੀਂ ਦਿੱਲੀ: ਫੇਸਬੁਕ ਇੱਕ ਸਾਫਟਵੇਅਰ ਦਾ ਪੇਟੈਂਟ ਲੈ ਰਿਹਾ ਹੈ ਜਿਸ ਨਾਲ ਉਹ ਯੂਜ਼ਰਸ ਦੇ ਘਰ, ਘਰ ‘ਚ ਰਹਿਣ ਵਾਲੇ ਮੈਂਬਰਾਂ, ਉਨ੍ਹਾਂ ਦੀਆਂ ਦਿਲਚਸਪੀਆਂ ਤੇ ਰਿਸ਼ਤਿਆਂ ਬਾਰੇ ਜਾਣਕਾਰੀ ਲੈ ਸਕੇਗਾ। 'ਦ ਲੌਸ ਐਂਜਲਸ ਟਾਈਮਸ' ਦੀ ਸ਼ੁੱਕਰਵਾਰ ਦੀ ਰਿਪੋਰਟ ਮੁਤਾਬਕ ਇਹ ਸਾਫਟਵੇਅਰ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਦਾ ਵੀ ਅਨੈਲਸਿਸ ਕਰੇਗਾ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਾਫਟਵੇਅਰ ਦਾ ਇਸਤੇਮਾਲ ਪ੍ਰਚਾਰ ਲਈ ਕੀਤਾ ਜਾ ਸਕਦਾ ਹੈ। ਪੇਟੈਂਟ ਐਪਲੀਕੇਸ਼ਨ ਮੁਤਾਬਕ ਯੂਜ਼ਰਸ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਘਰੇਲੂ ਸਾਮਾਨ ਦਾ ਅਨੁਮਾਨ ਲਾਉਣ ਲਈ ਇੱਕ ਆਨ-ਲਾਈਨ ਸਾਫਟਵੇਅਰ ਕੰਮ ਕਰੇਗਾ। ਇਸ ਨਾਲ ਇਹ ਪਤਾ ਲੱਗ ਪਾਵੇਗਾ ਕਿ ਘਰ ਦੇ ਮੈਂਬਰਾਂ ਨੇ ਇੱਕ-ਦੂਜੇ ਨੂੰ ਕਿੰਨੀ ਵਾਰ ਟੈਗ ਕੀਤਾ ਤੇ ਫੋਟੋ ਦਾ ਕੈਪਸ਼ਨ ਕੀ ਸੀ।
ਨਵੇਂ ਸੋਫਟਵੇਅਰ ਰਾਹੀਂ ਫੇਸਬੁੱਕ ਯੂਜ਼ਰਸ ਦੀਆਂ ਤਸਵੀਰਾਂ ਦੀ ਡੀਟੇਲ ਨੂੰ ਚੈੱਕ ਕਰੇਗਾ। ਇਸ ‘ਚ ਚਿਹਰੇ ਦੇ ਐਕਸਪ੍ਰੈਸ਼ਨ ਤੇ ਤਸਵੀਰ ‘ਚ ਸ਼ਾਮਲ ਦੂਜੇ ਲੋਕਾਂ ਦੀ ਜਾਣਕਾਰੀ ਤੇ ਕੁਮੈਂਟ ਦਾ ਵੀ ਪਤਾ ਲੱਗੇਗਾ।
ਫੇਸਬੁੱਕ ਚਾਹੁੰਦਾ ਹੈ ਕਿ ਪਹਿਲਾਂ ਇੱਕ ਪਰਿਵਾਰ ਦੇ ਮੈਂਬਰਾਂ ਦਾ ਪਤਾ ਲਾਇਆ ਜਾਵੇ ਤੇ ਉਨ੍ਹਾਂ ਨੂੰ ਇੱਕ ਤਰ੍ਹਾਂ ਦੇ ਹੀ ਇਸ਼ਤਿਹਾਰ ਦਿਖਾਏ ਜਾਣ। ਫੇਸਬੁੱਕ ਯੂਜ਼ਰਸ ਦੀ ਉਮਰ, ਡੇਟਾ, ਲਿੰਗ ਤੇ ਲੋਕੇਸ਼ਨ ਦੀ ਜਾਣਕਾਰੀ ਦੇ ਅਧਾਰ ‘ਤੇ ਵੀ ਉਨ੍ਹਾਂ ਨੂੰ ਇਸ਼ਤਿਹਾਰ ਦਿਖਾਉਣਾ ਚਾਹੁੰਦਾ ਹੈ।