ਨਵੀਂ ਦਿੱਲੀ: ਆਈਫ਼ੋਨ ਨੂੰ ਸਟੇਟਸ ਸਿੰਬਲ ਦੇ ਨਾਲ-ਨਾਲ ਪ੍ਰਾਈਵੇਸੀ ਤੇ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਚੰਗਾ ਮੰਨਿਆ ਜਾਂਦਾ ਹੈ। ਹੁਣ ਖ਼ਬਰ ਆਈ ਹੈ ਕਿ ਸ਼ਾਤਿਰ ਹੈਕਰਜ਼ ਨੇ ਆਈਫ਼ੋਨ ਦਾ ਡੇਟਾ ਹਥਿਆਉਣ ਲਈ ਚੋਰ ਮੋਰੀਆਂ ਲੱਭ ਲਈਆਂ ਹਨ।


ਦਰਅਸਲ, ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹਾਲ ਹੀ ਵਿੱਚ 'Pwn2Own' ਨਾਂ ਤੋਂ ਹੈਕਿੰਗ ਮੁਕਾਬਲਾ ਰੱਖਿਆ ਸੀ, ਜਿਸ ਵਿੱਚ ਦੋ ਸੁਰੱਖਿਆ ਖੋਜੀ ਰਿਚਰਡ ਝੂਅ ਤੇ ਅਮਤ ਕੈਮਾ ਨੇ ਆਈਫ਼ੋਨ ਐਕਸ ਵਿੱਚ ਅਜਿਹੇ 'ਬਗ' ਦੀ ਪਛਾਣ ਕੀਤੀ ਹੈ, ਜਿਸ ਦੀ ਮਦਦ ਨਾਲ ਹੈਕਰਜ਼ ਡਿਲੀਟ ਕੀਤੀਆਂ ਹੋਈਆਂ ਫ਼ੋਟੋਆਂ ਨੂੰ ਵੀ ਦੇਖ ਸਕਦੇ ਹਨ।

ਖੋਜੀਆਂ ਨੂੰ ਇਸ ਬਦਲੇ 50,000 ਡਾਲਰ (ਤਕਰੀਬਨ 36 ਲੱਖ ਰੁਪਏ) ਦਾ ਇਨਾਮ ਵੀ ਮਿਲਿਆ ਹੈ। ਫੋਰਬਸ ਦੀ ਰਿਪੋਰਟ ਮੁਤਾਬਕ ਇਸ ਬਗ ਬਾਰੇ ਐਪਲ ਨੂੰ ਵੀ ਦੱਸ ਦਿੱਤਾ ਗਿਆ ਹੈ, ਪਰ ਹਾਲੇ ਤਕ ਕੰਪਨੀ ਨੇ ਇਸ ਨੂੰ ਹਟਾਇਆ ਨਹੀਂ ਗਿਆ।

iOS 12.1 ਵਿੱਚ ਇਹ ਬਗ ਮਿਲਿਆ ਹੈ, ਜਿਸ ਦੀ ਮਦਦ ਨਾਲ ਖੋਜਕਾਰਾਂ ਨੇ ਤਸਵੀਰਾਂ ਹੈਕ ਕਰ ਕੇ ਦਿਖਾਈਆਂ। ਇਹ ਆਈਫ਼ੋਨ ਐਕਸ ਐੱਪਲ ਦੇ ਲੇਟੈਸਟ ਸੌਫ਼ਟਵੇਅਰ ਅਪਡੇਟ iOS 12.1 'ਤੇ ਚੱਲਦਾ ਹੈ। ਦਰਅਸਲ, ਉਨ੍ਹਾਂ ਆਈਫ਼ੋਨ ਐਕਸ ਨੂੰ ਪਹਿਲਾਂ ਵਾਈ-ਫਾਈ ਐਕਸੈਸ ਪੌਂਇੰਟ ਨਾਲ ਜੋੜਿਆ ਗਿਆ ਤੇ ਇਸ ਤੋਂ ਬਾਅਦ ਜਸਟ ਇਨ ਟਾਈਮ (JIT) ਕੰਪਾਈਲਰ ਦੀ ਮਦਦ ਨਾਲ ਤਸਵੀਰਾਂ ਕੱਢ ਲਈਆਂ।

ਇਸ ਤਰ੍ਹਾਂ ਕਰੋ ਬਚਾਅ: ਆਈਫ਼ੋਨ ਤੋਂ ਹਮੇਸ਼ਾ ਲਈ ਤਸਵੀਰਾਂ ਡਿਲੀਟ ਕਰੀਆਂ ਜਾਣ। ਆਈਫ਼ੋਨ ਵਿੱਚੋਂ ਜੇਕਰ ਕੋਈ ਤਸਵੀਰ ਡਿਲੀਟ ਕੀਤੀ ਜਾਂਦੀ ਹੈ ਤਾਂ ਉਹ ਰੀਸੈਂਟਲੀ ਡਿਲੀਟਿਡ ਵਿੱਚ ਚਲੀ ਜਾਂਦੀ ਹੈ। ਇੱਥੇ ਡਿਲੀਟ ਕੀਤੀ ਤਸਵੀਰ 30 ਦਿਨ ਤਕ ਰਹਿੰਦੀ ਹੈ ਤੇ ਫਿਰ ਖ਼ੁਦ-ਬ-ਖ਼ੁਦ ਡਿਲੀਟ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਬਗ ਦੀ ਮਾਰ ਤੋਂ ਬਚਣਾ ਹੈ ਤਾਂ ਤਸਵੀਰਾਂ ਨੂੰ ਰਿਸੈਂਟਲੀ ਡਿਲੀਟਿਡ 'ਚੋਂ ਵੀ ਡਿਲੀਟ ਕਰ ਦਿਓ।