ਚੰਡੀਗੜ੍ਹ: ਅੱਜਕੱਲ੍ਹ ਫੋਨ ਦੀ ਸਕਿਉਰਟੀ ਵੱਲ ਕਾਫੀ ਧਿਆਨ ਦਿੱਤਾ ਜਾਂਦਾ ਹੈ। ਇਸੇ ਕਰਕੇ ਲੋਕ ਆਪਣੇ ਫੋਨ ’ਤੇ ਅਜਿਹਾ ਪੈਟਰਨ ਲੌਕ ਲਾਉਂਦੇ ਹਨ ਤਾਂ ਕਿ ਕੋਈ ਆਸਾਨੀ ਨਾਲ ਉਸ ਨੂੰ ਖੋਲ੍ਹ ਨਾ ਸਕੇ ਪਰ ਕਈ ਵਾਰ ਸਾਡੇ ਕੋਲੋਂ ਗ਼ਲਤੀ ਨਾਲ ਫੋਨ ਲੌਕ ਹੋ ਜਾਂਦਾ ਹੈ ਤੇ ਅਸੀਂ ਇਸ ਦਾ ਪਾਸਵਰਡ ਵੀ ਭੁੱਲ ਜਾਂਦੇ ਹਾਂ। ਅਜਿਹੀ ਹਾਲਤ ਵਿੱਚ ਫੋਨ ਨੂੰ ਅਨਲੌਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਫੋਨ ਅਨਲੌਕ ਕਰਨ ਦੇ ਤਿੰਨ ਤਰੀਕਿਆਂ ਬਾਰੇ ਦੱਸਾਂਗੇ।
ਐਂਡਰੌਇਡ ਡਿਵਾਇਸ ਮੈਨੇਜਰ ਜ਼ਰੀਏ ਅਨਲੌਕ ਕਰਨਾ
ਫੋਨ ਦੇ ਲੌਕ ਹੋਣ ’ਤੇ ਇਸ ਨੂੰ ਐਂਡਰੌਇਡ ਡਿਵਾਇਸ ਮੈਨੇਜਰ ਦੀ ਮਦਦ ਨਾਲ ਅਨਲੌਕ ਕੀਤਾ ਜਾ ਸਕਦਾ ਹੈ। ਇਹ ਸਰਵਿਸ ਤੁਹਾਡੇ ਗੂਗਲ ਅਕਾਊਂਟ ਨਾਲ ਲਿੰਕ ਹੁੰਦੀ ਹੈ। ਗੂਗਲ ਜਾਂ ਜੀਮੇਲ ਅਕਾਊਂਟ ਦਾ ਇਸਤੇਮਾਲ ਗੂਗਲ ਪਲੇਅ ਸਟੋਰ ਲਈ ਕੀਤਾ ਜਾਂਦਾ ਹੈ, ਉਸੇ ਨਾਲ ਇਹ ਖ਼ਾਤਾ ਲਿੰਕ ਹੁੰਦਾ ਹੈ। ਇੱਥੋਂ ਫੋਨ ਅਨਲੌਕ ਕਰਨ ਲਈ ਆਪਣੇ ਕੰਪਿਊਟਰ ਤੋਂ ਜੀਮੇਲ ਅਕਾਊਂਟ ਲਾਗ ਇਨ ਕਰੋ। ਇਸ ਤੋਂ ਬਾਅਦ ਡਿਵਾਇਸ ਮੈਨੇਜਰ ਵਿੱਚ ਆਪਣਾ ਫੋਨ ਸਰਚ ਕਰੋ। ਇੱਥੋਂ ਫੋਨ ਨੂੰ ਅਨਲੌਕ ਦਾ ਵਿਕਲਪ ਚੁਣੋ ਜਿਸ ਨਾਲ ਫੋਨ ਨੂੰ ਅਨਲੌਕ ਕੀਤਾ ਜਾ ਸਕਦਾ ਹੈ।
ਪੈਟਰਨ ਭੁੱਲਣ ’ਤੇ ਇੰਜ ਕਰੋ ਅਨਲੌਕ
ਜੇ ਤੁਸੀਂ ਆਪਣੇ ਫੋਨ ਦਾ ਪੈਟਰਨ ਭੁੱਲ ਗਏ ਹੋ ਜਾਂ ਕਿਸੇ ਨੇ ਇਸ ਨੂੰ ਬਦਲ ਦਿੱਤਾ ਹੈ, ਤਾਂ ਤੁਹਾਨੂੰ ਫੌਰਗੌਟ ਪਾਸਵਰਡ ’ਤੇ ਟੈਪ ਕਰਨਾ ਹੋਵੇਗਾ। ਇਸ ਨੂੰ ਕਲਿੱਕ ਕਰਨ ਬਾਅਦ ਇਹ ਤੁਹਾਡੇ Gmail ਜਾਂ Google ਅਕਾਊਂਟ ਦੇ ਵੇਰਵੇ ਪੁੱਛੇਗਾ। ਇਸ ਤੋਂ ਬਾਅਦ ਅਕਾਉਂਟ 'ਤੇ ਇੱਕ ਈ-ਮੇਲ ਆਏਗੀ, ਜਿਸ ’ਤੇ ਕਲਿੱਕ ਕਰਨ ਉੱਤੇ ਨਵੇਂ ਪੈਟਰਨ ਸੈੱਟ ਕੀਤਾ ਜਾ ਸਕਦਾ ਹੈ।
ਫੈਕਟਰੀ ਰੀਸੈਟ ਕਰਕੇ
ਫੋਨ ਨੂੰ ਅਨਲੌਕ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ, ਪਰ ਫੈਕਟਰੀ ਰੀਸੈਟ ਕਰਨ ਨਾਲ ਫੋਨ ਵਿੱਚ ਸਟੋਰ ਕੀਤਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ। ਜਿਵੇਂ ਹੀ ਫੋਨ ਸਵਿੱਚ ਆਨ ਹੁੰਦਾ ਹੈ, ਉਸੇ ਵੇਲੇ ਹੋਮ ਤੇ ਪਾਵਰ ਬਟਨ ਇਕੱਠੇ ਦਬਾਓ। ਇਸ ਤੋਂ ਬਾਅਦ ਸਕਰੀਨ ਤੇ ਕੁਝ ਵਿਕਲਪ ਦਿਖਾਈ ਦੇਣਗੇ। ਇਨ੍ਹਾਂ ਵਿੱਚੋਂ ਇੱਕ ਫੈਕਟਰੀ ਰੀਸੈਟ ਵਿਕਲਪ ਵੀ ਹੋਵੇਗਾ। ਇਸ ਨੂੰ ਸਿਲੈਕਟ ਕਰਨ ਨਾਲ ਫੋਨ ਫਿਰ ਤੋਂ ਨਵੇਂ ਫੋਨ ਵਾਂਗ ਕੰਮ ਕਰਨਾ ਸ਼ੁਰੂ ਕਰ ਦਏਗਾ।