ਚੰਡੀਗੜ੍ਹ: ਸੈਮਸੰਗ ਦੀ ਰੂਸ ਦੀ ਇਕਾਈ ਨੇ ਆਈਫ਼ੋਨ X ਵਰਤਣ ਲਈ ਇੱਕ ਮਹਿਲਾ ’ਤੇ ਕੇਸ ਕਰ ਦਿੱਤਾ ਹੈ। ਦਰਅਸਲ, ਇਹ ਮਹਿਲਾ ਸੈਮਸੰਗ ਦੀ ਬਰਾਂਡ ਅੰਬੈਸੇਡਰ ਸੀ ਜਿਸ ਨੂੰ ਇੱਕ ਟੀਵੀ ਇੰਟਰਵਿਊ ਦੌਰਾਨ ਕੰਪਨੀ ਨੇ ਆਈਫ਼ੋਨ X ਦੀ ਵਰਤੋਂ ਕਰਦਿਆਂ ਵੇਖ ਲਿਆ ਸੀ। ‘ਦ ਮਿਰਰ’ ਦੀ ਖ਼ਬਰ ਮੁਤਾਬਕ ਸੇਨਿਆ ਸੋਬਚਾਕ ਰੂਸ ਵਿੱਚ ਸੈਮਸੰਗ ਲਈ ਪ੍ਰਚਾਰ ਕਰਦੀ ਹੈ। ਟੀਵੀ ’ਤੇ ਇੱਕ ਇੰਟਰਵਿਊ ਦੌਰਾਨ ਉਹ ਆਈਫ਼ੋਨ X ਦਾ ਇਸਤੇਮਾਲ ਕਰਦੀ ਨਜ਼ਰ ਆਈ। ਨਾਲ ਹੀ ਉਹ ਆਪਣੇ ਫ਼ੋਨ ਨੂੰ ਕਾਗਜ਼ ਦੇ ਸਹਾਰੇ ਲੁਕਾਉਣ ਦੀ ਕੋਸ਼ਿਸ਼ ਵੀ ਕਰ ਰਹੀ ਸੀ। ਪਰ ਸੈਮਸੰਗ ਨੇ ਉਸ ਦੀ ਚਲਾਕੀ ਫੜ੍ਹ ਲਈ ਕਿਉਂਕਿ ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਸੀ। ਹੁਣ ਕੰਪਨੀ ਨੇ ਇਸ ਮਹਿਲਾ ਉੱਤੇ 108 ਮਿਲੀਅਨ ਰੂਬਲਸ ਯਾਨੀ 1.6 ਮਿਲੀਅਨ ਡਾਲਰ (ਲਗਪਗ 12 ਕਰੋੜ) ਦਾ ਕੇਸ ਕੀਤਾ ਹੈ। ਜ਼ਿਕਰਯੋਗ ਹੈ ਕਿ ਸੇਨਿਆ ਸੋਬਚਾਕ ਰੂਸ ਵਿੱਚ ਕਾਫੀ ਮਸ਼ਹੂਰ ਹੈ ਤੇ ਪਿਛਲੀਆਂ ਰੂਸੀ ਚੋਣਾਂ ਵਿੱਚ ਉਸਨੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਖਿਲਾਫ ਚੋਣਾਂ ਵੀ ਲੜੀਆਂ ਸੀ। ਉਸਦੀ ਉਮਰ 36 ਸਾਲ ਹੈ। ਰੂਸ ਦੇ ਰਾਸ਼ਟਰਪਤੀ ਲਈ ਚੋਣ ਲੜਨ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਵੀ ਹੈ।