ਸੈਨ ਫ੍ਰਾਂਸਿਸਕੋ: ਫਿਨਲੈਂਡ ਦੀ ਕੰਪਨੀ ਐਚ.ਐਮ.ਡੀ. ਗਲੋਬਲ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ 10 ਲੱਖ ਤੋਂ ਜ਼ਿਆਦਾ ਨੋਕੀਆ ਬ੍ਰੈਂਡ ਦੇ ਐਂਡ੍ਰੌਇਡ ਸਮਾਰਟਫ਼ੋਨਾਂ ਦੀ ਵਿਕਰੀ ਕੀਤੀ ਹੈ। ਗੂਗਲ ਪਲੇਅ 'ਤੇ ਨੋਕੀਆ ਮੋਬਾਈਲ ਸਪੋਰਟ ਐਪਲੀਕੇਸ਼ਨ ਦੇ ਇੰਸਟਾਲੇਸ਼ਨ ਅੰਕੜਿਆਂ ਮੁਤਾਬਕ ਇਹ ਗਿਣਤੀ 10 ਲੱਖ ਤੋਂ 50 ਲੱਖ ਦੇ ਦਰਮਿਆਨ ਹੈ। ਨੋਕੀਆ ਪਾਵਰ ਯੂਜ਼ਰ ਵਿੱਚ ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਇਨ੍ਹਾਂ ਅੰਕੜਿਆਂ ਨਾਲ ਇੱਕ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਬਾਜ਼ਾਰ ਵਿੱਚ ਨੋਕੀਆ ਦੇ ਘੱਟੋ ਘੱਟ 10 ਲੱਖ ਫੋਨ ਵਰਤੇ ਜਾ ਰਹੇ ਹਨ। ਚੀਨ ਜਿਹੇ ਬਾਜ਼ਾਰਾਂ ਵਿੱਚ ਨੋਕੀਆ 6 ਫ਼ੋਨ ਦੀ ਗਿਣਤੀ ਨਹੀਂ ਹੋ ਸਕੀ ਕਿਉਂਕਿ ਇੱਥੇ ਪਲੇਅ ਸਟੋਰ ਉਪਲਬਧ ਨਹੀਂ ਹੈ। ਇਸ ਤੋਂ ਪਹਿਲਾਂ ਐਚ.ਐਮ.ਡੀ. ਗਲੋਬਲ ਦੇ ਅਧਿਕਾਰੀ ਪੈੱਕਾ ਰੰਤਾਲਾ ਨੋਕੀਓਟੇਕਾ ਨੂੰ ਦੱਸਿਆ ਸੀ ਕਿ ਕੰਪਨੀ ਹੁਣ ਤੱਕ ਕਈ ਲੱਖ ਨੋਕੀਆ ਬ੍ਰੈਂਡ ਦੇ ਐਂਡ੍ਰੌਇਡ ਸਮਾਰਟਫ਼ੋਨ ਵੇਚ ਚੁੱਕੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਨੋਕੀਆ 3, ਨੋਕੀਆ 5 ਤੇ ਨੋਕੀਆ 6 ਦੀ ਵਿਕਰੀ ਸ਼ੁਰੂ ਹੋਈ ਸੀ। ਭਾਰਤ, ਬ੍ਰਿਟੇਨ ਤੇ ਹੋਰ ਯੂਰਪੀ ਦੇਸ਼ਾਂ ਵਰਗੇ ਮਹੱਤਵਪੂਰਨ ਬਾਜ਼ਾਰਾਂ ਵਿੱਚ ਇਨ੍ਹਾਂ ਫ਼ੋਨਾਂ ਨੂੰ ਹੱਥੋ ਹੱਥ ਖਰੀਦਿਆ ਗਿਆ ਹੈ। ਹੁਣ ਨੋਕੀਆ ਡੂਅਲ ਰੀਅਰ ਕੈਮਰੇ ਵਾਲੇ ਨੋਕੀਆ 8 ਫ਼ੋਨ ਵੀ ਬਾਜ਼ਾਰ ਵਿੱਚ ਉਤਾਰਨ ਵਾਲੀ ਹੈ, ਜਿਸ ਦੀ ਭਾਰਤ ਵਿੱਚ ਅੰਦਾਜ਼ਨ ਕੀਮਤ 38 ਹਜ਼ਾਰ ਰੁਪਏ ਹੋ ਸਕਦੀ ਹੈ।