ਚੰਡੀਗੜ੍ਹ: ਹਾਲ ਹੀ ਵਿੱਚ ਵ੍ਹੱਟਸਐਪ ਨੇ ਨਵੀਂ ਸਕਿਉਰਟੀ ਫੀਚਰ ਲਾਂਚ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਚੈਟ ਨੂੰ ਸੁਰੱਖਿਅਤ ਕਰ ਸਕਦੇ ਹੋ। ਫੇਸਆਈਡੀ ਤੇ ਪਾਸਕੋਡ ਦੀ ਮਦਦ ਨਾਲ ਤੁਸੀਂ ਆਪਣੀ ਚੈਟ ਨੂੰ ਹੋਰਾਂ ਦੀਆਂ ਨਜ਼ਰਾਂ ਤੋਂ ਲੁਕਾ ਸਕਦੇ ਹੋ। ਇਹ ਫੀਚਰ ਫਿਲਹਾਲ ਆਈਫੋਨ ਯੂਜ਼ਰਸ ਲਈ ਉਪਲੱਬਧ ਹੈ। ਐਂਡ੍ਰੌਇਡ ਵਰਜਨ ’ਤੇ ਕੰਮ ਚੱਲ ਰਿਹਾ ਹੈ।

ਹਾਲਾਂਕਿ ਕੁਝ ਨੁਕਤਿਆਂ ਦੀ ਮਦਦ ਨਾਲ ਐਂਡ੍ਰੌਇਡ ਤੇ ਆਈਫੋਨ ਦੋਵਾਂ ਵਿੱਚ ਵ੍ਹੱਟਸਐਪ ਚੈਟ ਲੁਕਾਈ ਜਾ ਸਕਦੀ ਹੈ। ਇਸ ਫੀਚਰ ਦੀ ਮਦਦ ਨਾਲ ਕਿਸੇ ਵੀ ਗੱਲਬਾਤ ਨੂੰ ਚੈਟ ਸਕ੍ਰੀਨ ਤੋਂ ਹਟਾ ਕੇ ਉਸ ਨੂੰ ਬਾਅਦ ਵਿੱਚ ਦੇਖਿਆ ਜਾ ਸਕਦਾ ਹੈ। ਦੋਵਾਂ, ਗਰੁੱਪ ਤੇ ਚੈਟ ਨੂੰ ਇੱਕ ਵੇਲੇ ਆਰਕਾਈਵ ਕੀਤਾ ਜਾ ਸਕਦਾ ਹੈ ਪਰ ਆਰਕਾਈਵ ਚੈਟ ਨਾ ਤਾਂ ਚੈਟ ਨੂੰ ਡਿਲੀਟ ਜਾਂ ਬੈਕਅੱਪ ਕਰੇਗਾ ਤੇ ਨਾ ਹੀ ਇਸ ਨੂੰ ਤੁਹਾਡੇ ਏਸੀਡ ਕਾਰਡ ਵਿੱਚ ਸੇਵ ਕਰੇਗਾ।

ਐਂਡ੍ਰੌਇਡ ਵਿੱਚ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਚੈਟ ਸਕ੍ਰੀਨ ਨੂੰ ਖੋਲ੍ਹ ਕੇ ਲੁਕਾਈ ਜਾਣ ਵਾਲੀ ਚੈਟ ’ਤੇ ਹੋਲਡ ਕਰੋ। ਹੋਲਡ ਕਰਨ ’ਤੇ ਟੌਪ ਬਾਰ ਉੱਤੇ ਆਰਕਾਈਵ ਬਟਨ ਨਜ਼ਰ ਆਏਗਾ, ਉਸ ਨੂੰ ਕਲਿੱਕ ਕਰੋ। ਇਸ ਤਰ੍ਹਾਂ ਤੁਹਾਡੀ ਚੈਟ ਆਰਕਾਈਵ ਹੋ ਜਾਏਗੀ ਤੇ ਚੈਟ ਸਕ੍ਰੀਨ ਵਿੱਚ ਨਹੀਂ ਦਿੱਸੇਗੀ। ਇਸ ਨੂੰ ਬਾਅਦ ਵਿੱਚ ਆਰਕਾਈਵ ਚੈਟ ਸਕ੍ਰੀਨ ਤੋਂ ਅਨਆਰਕਾਈਵ ਕਰਕੇ ਦੁਬਾਰਾ ਵ੍ਹੱਟਸਐਪ ਚੈਟ ਸਕ੍ਰੀਨ ਵਿੱਚ ਵੇਖਿਆ ਜਾ ਸਕਦਾ ਹੈ।

ਆਈਫੋਨ ਵਿੱਚ ਇਸ ਦਾ ਇਸਤੇਮਾਲ ਕਰਨ ਲਈ ਚੈਟ ਸਕ੍ਰੀਨ ਵਿੱਚ ਜਾ ਕੇ ਜਿਸ ਚੈਟ ਨੂੰ ਲੁਕਾਉਣਾ ਚਾਹੁੰਦੇ ਹੋ, ਉਸ ’ਤੇ ਉਂਗਲੀ ਨਾਲ ਸਲਾਈਡ ਕਰੋ। ਇਸ ਤੋਂ ਬਾਅਦ ਆਰਕਾਈਵ ਟੈਪ ਕਰੋ, ਤੁਹਾਡੀ ਚੈਟ ਆਰਕਾਈਵ ਹੋ ਜਾਏਗੀ। ਇਸ ਨੂੰ ਦੁਬਾਰਾ ਵੇਖਣ ਲਈ ਟੌਪ ਉੱਤੇ ਪਹਿਲਾਂ ਸਕ੍ਰੋਲ ਕਰੋ ਤੇ ਫਿਰ ਉਸ ਨੂੰ ਹੇਠਾਂ ਖਿੱਚੋ।