ਨਵੀਂ ਦਿੱਲੀ: ਦੇਸ਼ ਦੀ ਤੀਜੀ ਵੱਡੀ ਟੈਲੀਕਾਮ ਕੰਪਨੀ ਆਈਡਿਆ ਸੈਲਿਊਲਰ ਨੂੰ ਜੀਓ ਤੇ ਜੀਐਸਟੀ ਦੀ ਵਜ੍ਹਾ ਨਾਲ ਭਾਰੀ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਸੋਮਵਾਰ ਨੂੰ ਕੰਪਨੀ ਵੱਲੋਂ ਜਾਰੀ ਕੀਤੇ ਗਏ ਤਿਮਾਹੀ ਨਤੀਜਿਆਂ ਮੁਤਾਬਕ ਸਤੰਬਰ ਤਿਮਾਹੀ ਦੌਰਾਨ ਉਸ ਨੂੰ 1107 ਕਰੋੜ ਰੁਪਏ (PAT) ਦਾ ਸ਼ੁੱਧ ਘਾਟਾ ਉਠਾਉਣਾ ਪਿਆ। ਵਿੱਤੀ ਸਾਲ 2016-17 ਦੌਰਾਨ ਸਤੰਬਰ ਤਿਮਾਹੀ ਨੂੰ 91 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸ ਸਾਲ ਸਤੰਬਰ ਤਿਮਾਹੀ ਤੋਂ ਪਹਿਲਾਂ ਜੂਨ ਤਿਮਾਹੀ ਵਿੱਚ ਵੀ ਕੰਪਨੀ ਨੂੰ 815 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ।
ਕੰਪਨੀ ਮੁਤਾਬਕ ਸਤੰਬਰ ਤਿਮਾਹੀ ਵਿੱਚ ਦੇਸ਼ ਵਿੱਚ ਗੁੱਡਸ ਐਂਡ ਸਰਵਿਸ ਟੈਕਸ ਲਾਗੂ ਹੋਣ ਦੀ ਵਜ੍ਹਾ ਨਾਲ ਉਸ ਨੂੰ ਨੁਕਸਾਨ ਝੱਲਣਾ ਪਿਆ ਹੈ। GST ਲਾਗੂ ਹੋਣ ਤੋਂ ਪਹਿਲਾਂ ਟੈਲੀਕਾਮ ਸੇਵਾਵਾਂ ਤੇ 15 ਫੀਸਦੀ ਸਰਵਿਸ ਟੈਕਸ ਲਾਗੂ ਹੁੰਦਾ ਸੀ ਪਰ GST ਲਾਗੂ ਹੋਣ ਤੋਂ ਬਾਅਦ ਇਹ ਟੈਕਸ 18 ਫੀਸਦੀ ਹੋ ਗਿਆ ਹੈ। ਕੰਪਨੀ ਭਾਵੇਂ GST ਨੂੰ ਘਾਟੇ ਦੀ ਵਜ੍ਹਾ ਮੰਨ ਰਹੀ ਹੋਵੇ ਪਰ Idea Cellular ਨੂੰ ਹੋਏ ਘਾਟੇ ਦੀ ਅਸਲੀ ਵਜ੍ਹਾ ਰਿਲਾਇੰਸ ਜੀਓ ਮਾਰਕੀਟ ਵਿੱਚ ਹੋਈ ਦਮਦਾਰ ਐਂਟਰੀ ਹੈ।
ਜੀਓ ਨੇ ਪਿਛਲੇ ਸਾਲ ਸਿਤੰਬਰ ਵਿੱਚ ਆਪਣੀ 4ਜੀ ਸੇਵਾ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਤੇਜ਼ੀ ਨਾਲ ਦੂਜਿਆਂ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਗਾਹਕਾਂ ਨੂੰ ਆਪਣੇ ਵੱਲ ਖਿੱਚਿਆ ਤੇ ਜੀਓ ਕੋਲ ਇਸ ਸਾਲ ਸਤੰਬਰ ਦੇ ਅੰਤ ਤੱਕ 13 ਕਰੋੜ ਤੋਂ ਵਧੇਰੇ ਗਾਹਕ ਹੋ ਚੁੱਕੇ ਹਨ। ਜੀਓ ਦੀ ਵਜ੍ਹਾ ਨਾਲ ਦੂਜਿਆਂ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੀਆਂ ਕਈ ਸੇਵਾਵਾਂ ਨੂੰ ਜਾਂ ਤਾਂ ਸਸਤਾ ਕਰਨਾ ਪਿਆ ਤੇ ਜਾਂ ਫਿਰ ਜੀਓ ਵਾਂਗ ਫਰੀ ਵੀ ਕਰਨਾ ਪਿਆ ਹੈ।
ਜੀਓ ਦੀ ਮਾਰ ਤੋਂ ਬਚਣ ਲਈ ਦੂਜੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਹੁਣ ਨਵੀਂ ਰਣਨੀਤੀ ਆਪਣਾ ਰਹੀਆਂ ਹਨ। ਆਈਡੀਆ ਵੀ ਦੂਜੀ ਟੈਲੀਕਾਮ ਕੰਪਨੀ ਵੋਡਾਫੋਨ ਨਾਲ ਮਰਜ਼ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਆਈਡੀਆ ਤੇ ਵੋਡਾਫੋਨ ਇੱਕ ਹੀ ਕੰਪਨੀ ਬਣ ਜਾਣਗੀਆਂ। ਮਰਜ ਦੀ ਵਧੇਰੇ ਜਾਣਕਾਰੀ ਦੋਹਾਂ ਕੰਪਨੀਆਂ ਵੱਲੋਂ ਅੱਜ ਦਿੱਤੀ ਜਾਵੇਗੀ।
ਇਸ ਦੌਰਾਨ ਆਈਡੀਆ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਤੇ ਵੋਡਾਫੋਨ ਮਿਲਕੇ ਆਪਣਾ ਟਾਵਰ ਕਾਰੋਬਾਰ ਅਮਰੀਕਾ ਦੀ ਕੰਪਨੀ ATC ਨੂੰ ਵੇਚਣ ਜਾ ਰਹੇ ਹਨ। ATC ਦੇ ਨਾਲ ਟਾਵਰ ਕਾਰੋਬਾਰ ਨੂੰ ਵੇਚਣ ਦੀ ਡੀਲ 7850 ਕਰੋੜ ਰੁਪਏ ਵਿੱਚ ਹੋਈ ਹੈ। ਇਸ ਵਿੱਚ ਆਈਡੀਆ ਨੂੰ 4000 ਕਰੋੜ ਮਿਲਣਗੇ ਜਦਕਿ ਵੋਡਾਫੋਨ ਨੂੰ 3850 ਕਰੋੜ ਰੁਪਏ ਮਿਲਣਗੇ।