ਨਵੀਂ ਦਿੱਲੀ: ਕੱਲ੍ਹ ਰਾਤ 5 ਕਰੋੜ ਫੇਸਬੁੱਕ ਅਕਾਊਂਟ ਹੈਕ ਹੋ ਗਏ। ਹੈਰਾਨੀ ਦੀ ਗੱਲ ਕਿ ਇਨ੍ਹਾਂ 'ਚ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਦਾ ਅਕਾਊਂਟ ਵੀ ਸ਼ਾਮਲ ਹੈ। ਹੈਕਿੰਗ ਕਾਰਨ ਫੇਸਬੁੱਕ ਇਕ ਵਾਰ ਫਿਰ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ।


ਸ਼ਨੀਵਾਰ ਫੇਸਬੁੱਕ ਦੇ ਪੰਜ ਕਰੋੜ ਯੂਜ਼ਰਸ ਦਾ ਡਾਟਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਫੇਸਬੁੱਕ ਨੇ ਇਸ ਤੋਂ ਬਾਅਦ ਦੱਸਿਆ ਕਿ ਇਕ ਸਿਕਿਓਰਟੀ ਖਾਮੀ ਦੇ ਚੱਲਦਿਆਂ ਅਜਿਹਾ ਹੋਇਆ ਜਿਸ ਨਾਲ ਹੈਕਰਸ ਨੇ ਲੋਕਾਂ ਦੇ ਅਕਾਊਂਟ ਹੈਕ ਕਰ ਲਏ। ਫੇਸਬੁੱਕ ਦਾ ਕਹਿਣਾ ਹੈ ਕਿ ਇਹ ਸਿਕਿਓਰਟੀ ਖਾਮੀ ਦੂਰ ਕਰ ਦਿੱਤੀ ਹੈ। ਫੇਸਬੁੱਕ ਨੇ ਆਪਣੇ ਜਵਾਬ 'ਚ ਕਿਹਾ ਕਿ ਫੇਸਬੁੱਕ ਦੇ ਫੀਚਰ ਵਿਊ ਐੱਜ਼ ਨੂੰ ਯੂਜ਼ਰਸ ਦੇ ਅਕਾਊਂਟ ਹੈਕ ਕਰਨ ਲਈ ਵਰਤਿਆ। ਇਸ ਤੋਂ ਬਾਅਦ ਫੇਸਬੁੱਕ ਨੇ ਇਨ੍ਹਾਂ ਸਾਰੇ ਯੂਜ਼ਰਸ ਦੇ ਅਕਾਊਂਟ ਲੌਗ ਆਊਟ ਕਰ ਦਿੱਤੇ। ਇਸ ਦਾ ਮਕਸਦ ਸੀ ਅਕਾਊਂਟ ਬ੍ਰੀਚ ਯਾਨੀ ਹੈਕ ਹੋਣ ਤੋਂ ਬਚਾਉਣਾ।


ਫੇਸਬੁੱਕ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਹੈਕਰਾਂ ਵੱਲੋਂ ਸੁਰੱਖਿਆ 'ਚ ਕਮੀ ਦੇ ਚੱਲਦਿਆਂ ਪੰਜ ਕਰੋੜ ਅਕਾਊਂਟ ਪ੍ਰਭਾਵਿਤ ਹੋਏ। ਦੁਨੀਆ ਦੇ ਇਸ ਵੱਡੇ ਸੋਸ਼ਲ ਨੈਟਵਰਕ ਨੇ ਕਿਹਾ ਕਿ ਇਸ ਹਫਤੇ ਹੈਕਰਾਂ ਨੇ ਐਕਸੈਸ ਟੋਕਨਸ ਚੁਰਾ ਲਏ ਜਿਸ ਕਾਰਨ ਅਕਾਊਂਟ ਪ੍ਰਭਾਵਿਤ ਹੋਏ। ਐਕਸੈਸ ਟੋਕਨਸ ਇਕ ਪ੍ਰਕਾਰ ਦੀਆਂ ਡਿਜੀਟਲ ਚਾਬੀਆਂ ਹਨ ਜਿਨ੍ਹਾਂ ਨੂੰ ਹੈਕਰ ਇਨ੍ਹਾਂ ਅਕਾਊਂਟਸ ਨੂੰ ਹੈਕ ਕਰਨ ਲਈ ਪਹੁੰਚ ਬਣਾ ਸਕੇ।