ਇਸ ਮਾਮਲੇ ਵਿੱਚ ਪਾਕਿਸਤਾਨ ਤੋਂ ਵੀ ਪਿੱਛੇ ਭਾਰਤ !
ਏਬੀਪੀ ਸਾਂਝਾ | 21 Dec 2017 05:27 PM (IST)
ਨਵੀਂ ਦਿੱਲੀ: ਬ੍ਰਾਡਬੈਂਡ ਇੰਟਰਨੈਟ ਡਾਉਨਲੋਡ ਸਪੀਡ ਦੇ ਸੁਧਾਰ ਦੇ ਮਾਮਲੇ ਵਿੱਚ ਇਸ ਸਾਲ ਭਾਰਤ ਪਹਿਲੇ ਨੰਬਰ 'ਤੇ ਰਿਹਾ ਤੇ ਵੱਧ ਆਬਾਦੀ ਵਾਲੇ ਮੁਲਕਾਂ ਵਿੱਚ ਮੋਬਾਈਲ ਡਾਟਾ ਸਪੀਡ ਵਿੱਚ ਸੁਧਾਰ ਮਾਮਲੇ ਵਿੱਚ ਭਾਰਤ ਦੂਜੇ ਨੰਬਰ 'ਤੇ ਰਿਹਾ। ਇਸ ਲਿਸਟ ਵਿੱਚ ਪਾਕਿਸਤਾਨ ਭਾਰਤ ਤੋਂ ਅੱਗੇ ਹੈ। ਇੰਟਰਨੈੱਟ ਸਪੀਡ ਦਾ ਟੈਸਟ ਕਰਨ ਵਾਲੀ ਫਰਮ ਓਕਲਾ ਦੀ ਇੰਟਰਨੈਸ਼ਨਲ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਓਕਲਾ ਦੇ ਇੰਟਰਨੈਸ਼ਨਲ ਸਪੀਡ ਟੈਸਟ ਇੰਡੈਕਸ ਮੁਤਾਬਕ ਭਾਰਤ ਵਿੱਚ ਇਸ ਦੌਰਾਨ ਬ੍ਰਾਡਬੈਂਡ ਸਪੀਡ ਵਿੱਚ 76.9 ਫੀਸਦੀ ਦਾ ਸੁਧਾਰ ਹੋਇਆ ਹੈ। ਇਸ ਮਾਮਲੇ ਵਿੱਚ ਚੀਨ ਦੂਜੇ ਤੇ ਅਮਰੀਕਾ ਤੀਜੇ ਨੰਬਰ 'ਤੇ ਹੈ। ਮੋਬਾਈਲ ਡਾਟਾ ਡਾਉਨਲੋਡ ਸਪੀਡ ਵਿੱਚ ਵੀ ਮੁਲਕ ਵਿੱਚ 42.4 ਫੀਸਦੀ ਦਾ ਸੁਧਾਰ ਹੋਇਆ ਹੈ। ਜ਼ਿਆਦਾ ਆਬਾਦੀ ਵਾਲੇ ਮੁਲਕਾਂ ਵਿੱਚ ਮੋਬਾਈਲ ਡਾਟਾ ਡਾਉਨਲੋਡ ਸਪੀਡ ਵਿੱਚ ਸੁਧਾਰ ਦੇ ਆਧਾਰ 'ਤੇ 56 ਫੀਸਦੀ ਨਾਲ ਪਾਕਿਸਤਾਨ ਪਹਿਲੇ ਨੰਬਰ 'ਤੇ ਰਿਹਾ। ਇੱਥੇ ਭਾਰਤ ਪਾਕਿਸਤਾਨ ਤੋਂ ਪਿੱਛੇ ਹੈ। ਇਸ ਰਿਪੋਰਟ ਮੁਤਾਬਕ ਕੌਮਾਂਤਰੀ ਪੱਧਰ 'ਤੇ ਬ੍ਰਾਡਬੈਂਡ ਇੰਟਰਨੈੱਟ ਸਪੀਡ ਵਿੱਚ 30 ਫੀਸਦੀ ਦਾ, ਮੋਬਾਈਲ ਇੰਟਰਨੈਟ ਡਾਉਨਲੋਡ ਸਪੀਡ ਵਿੱਚ 30.1 ਫੀਸਦੀ ਦਾ ਤੇ ਮੋਬਾਈਲ ਇੰਟਰਨੈਟ ਅਪਲੋਡ ਸਪੀਡ ਵਿੱਚ 38.9 ਫੀਸਦੀ ਦਾ ਸੁਧਾਰ ਹੋਇਆ ਹੈ। ਕੰਪਨੀ ਦੇ ਕੋ-ਫਾਉਂਡਰ ਡਾਗ ਸਟਲਸ ਨੇ ਕਿਹਾ ਕਿ ਭਾਰਤ ਵਿੱਚ ਮੋਬਾਈਲ ਤੇ ਬ੍ਰਾਡਬੈਂਡ ਇੰਟਰਨੈਟ ਸਪੀਡ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਸੁਧਾਰ ਹੋਇਆ ਹੈ। ਭਾਰਤ ਨੂੰ ਅਜੇ ਵੀ ਉਨ੍ਹਾਂ ਮੁਲਕਾਂ ਦੀ ਕਤਾਰ ਵਿੱਚ ਆਉਣ ਵਿੱਚ ਸਮਾਂ ਲੱਗੇਗਾ ਜਿੱਥੇ ਇੰਟਰਨੈਟ ਦੀ ਸਪੀਡ ਕਾਫੀ ਤੇਜ਼ ਹੈ।