ਨਵੀਂ ਦਿੱਲੀ: ਭਾਰਤ ਸਰਕਾਰ ਨੇ ਡੇਟਾ ਲੀਕ ਮਾਮਲੇ ਵਿੱਚ ਘਿਰੀ ਫੇਸਬੁਕ ਤੇ ਕੈਂਬਰਿਜ ਐਨਾਲਾਈਟਿਕਾ (ਸੀਏ) ਦੇ 'ਵਾਰੰਟ' ਕੱਢ ਦਿੱਤੇ ਹਨ। ਸਰਕਾਰ ਨੇ ਫੇਸਬੁੱਕ ਡੇਟਾ ਲੀਕ ਮਾਮਲੇ ਵਿੱਚ ਫੇਸਬੁੱਕ ਤੇ ਡੇਟਾ ਚੋਰੀ ਦੇ ਦੋਸ਼ਾਂ ’ਚ ਘਿਰੀ ਕੰਪਨੀ ਕੈਂਬਰਿਜ ਐਨਾਲਾਈਟਿਕਾ (ਸੀਏ) ਨੂੰ ਨੋਟਿਸ ਜਾਰੀ ਕੀਤੇ ਹਨ। ਸਰਕਾਰ ਵੱਲੋਂ ਦੋਵਾਂ ਕੰਪਨੀਆਂ ਦੇ ਜਵਾਬ ਆਉਣ ਤੋਂ ਬਾਅਦ ਇਸ ਸਬੰਧੀ ਕਾਰਵਾਈ ਦਾ ਫ਼ੈਸਲਾ ਕੀਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦਿੱਤੀ ਹੈ। ਪ੍ਰਸਾਦ ਨੇ ਕਿਹਾ, ‘‘ਭਾਰਤ ਵਿੱਚ ਡੇਟਾ ਸੁਰੱਖਿਆ ਦੇ ਮਾਮਲੇ ’ਚ ਅਸੀਂ ਬਹੁਤ ਸੰਜੀਦਾ ਹਾਂ। ਇਨ੍ਹਾਂ ਦੋਵਾਂ ਕੰਪਨੀਆਂ ਨੂੰ ਭਾਰਤ ਸਰਕਾਰ ਨੇ ਨੋਟਿਸ ਭੇਜ ਦਿੱਤੇ ਹਨ।’’ ਮੰਤਰੀ ਵੱਲੋਂ ਫੇਸਬੁੱਕ ਨੂੰ ਪਹਿਲਾਂ ਦਿੱਤੀ ਚਿਤਾਵਨੀ ਦੀ ਰੌਸ਼ਨੀ ਵਿੱਚ ਆਈਟੀ ਮੰਤਰਾਲੇ ਨੇ ਬੀਤੇ ਦਿਨ ਇਹ ਨੋਟਿਸ ਜਾਰੀ ਕੀਤੇ। ਫੇਸਬੁੱਕ ਤੋਂ ਡੇਟਾ ਚੋਰੀ ਦੇ ਵੇਰਵੇ ਮੰਗਦਿਆਂ ਇਹ ਦੱਸਣ ਲਈ ਵੀ ਕਿਹਾ ਗਿਆ ਹੈ ਕਿ ਉਸ ਨੇ ਭਵਿੱਖ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ ਕੀ ਕਦਮ ਚੁੱਕੇ ਹਨ। ਨੋਟਿਸ ਦਾ ਜਵਾਬ 7 ਅਪਰੈਲ ਤੱਕ ਮੰਗਿਆ ਗਿਆ ਹੈ। ਅਜਿਹਾ ਹੀ ਨੋਟਿਸ ਸੀਏ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਵਿੱਚ ਇਸ ਦੀਆਂ ਇਤਰਾਜ਼ਯੋਗ ਸਰਗਰਮੀਆਂ ਸਬੰਧੀ ਸਵਾਲ ਪੁੱਛੇ ਗਏ ਹਨ।