ਨਵੀਂ ਦਿੱਲੀ: ਮਸ਼ਹੂਰ ਟੈਕ ਕੰਪਨੀ ਐੱਪਲ ਨੇ ਆਪਣਾ ਆਈ.ਓ.ਐਸ. ਅਪਡੇਟ 11.3 ਜਾਰੀ ਕਰ ਦਿੱਤਾ ਹੈ। ਇਸ ਵਿੱਚ ਆਈਫੋਨ ਤੇ ਆਈਪੈਡ ਦੇ ਕਈ ਨਵੇਂ ਫੀਚਰ ਜੋੜੇ ਗਏ ਹਨ। ਇਸ ਅਪਡੇਟ ਨਾਲ ਬੈਟਰੀ ਦੀ ਵੀ ਪਰਫਾਰਮੈਂਸ ਸੁਧਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐੱਪਲ 'ਤੇ ਜਾਣਬੁੱਝ ਕੇ ਆਈਫ਼ੋਨ ਦੇ ਬੈਟਰੀ ਬੈਕਅੱਪ ਨੂੰ ਘੱਟ ਕੀਤੇ ਜਾਣ ਦਾ ਇਲਜ਼ਾਮ ਲੱਗਿਆ ਸੀ। ਐੱਪਲ ਨੇ ਹੁਣ ਆਪਣੇ ਗਾਹਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।


ਬੈਟਰੀ- iOS 11 ਆਉਣ 'ਤੇ ਆਈਫ਼ੋਨ-6 ਤੇ ਉਸ ਤੋਂ ਉੱਪਰਲੇ ਮਾਡਲਾਂ ਵਿੱਚ ਅਕਸਰ ਬੈਟਰੀ ਦੀ ਪ੍ਰੇਸ਼ਾਨੀ ਰਹਿੰਦੀ ਸੀ। ਹੁਣ ਕੰਪਨੀ ਦਾ ਦਾਅਵਾ ਹੈ ਕਿ ਇਸ ਅਪਡੇਟ ਨਾਲ ਆਈਫੋਨ ਦੀ ਬੈਟਰੀ ਜ਼ਿਆਦਾ ਚੱਲੇਗੀ।

ਹੈਲਥ- ਇਸ ਵਿੱਚ ਹੈਲਥ ਐਪਲੀਕੇਸ਼ਨ ਵੀ ਜੋੜਿਆ ਗਿਆ ਹੈ। ਇਸ ਨਾਲ ਫੋਨ 'ਤੇ ਕਈ ਮੈਡੀਕਲ ਇੰਸਟੀਚਿਊਟ ਦੀ ਜਾਣਕਾਰੀ ਮਿਲ ਸਕਦੀ ਹੈ। ਫਿਲਹਾਲ ਇਹ ਬੀਟਾ ਵਰਜ਼ਨ ਵਿੱਚ ਹੈ ਤੇ ਸਿਰਫ ਕੁਝ ਦੇਸ਼ਾਂ ਵਿੱਚ ਹੀ ਮੌਜੂਦ ਰਹੇਗੀ। ਇਸ ਨੂੰ ਪਾਸਵਰਡ ਨਾਲ ਜੋੜਿਆ ਜਾ ਸਕਦਾ ਹੈ।

ਵਪਾਰ- ਆਈ.ਮੈਸੇਜ ਵਿੱਚ 'ਬਿਜ਼ਨੈਸ ਚੈਟ' ਨਾਂਅ ਦਾ ਫੀਚਰ ਦਿੱਤਾ ਗਿਆ ਹੈ। ਸਮਾਨ ਖਰੀਦਣ, ਲੈਣ-ਦੇਣ ਜਾਂ ਫਿਰ ਅਪੌਇੰਟਮੈਂਟ ਫਿਕਸ ਕਰਨ ਲਈ ਇਸ ਫੀਚਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸੁਵਿਧਾ ਸਿਰਫ ਅਮਰੀਕਾ ਵਿੱਚ ਮਿਲੇਗੀ।

ਐਨੀਮੋਜੀ- ਇਸ ਵਿੱਚ ਨਵਾਂ ਐਨੀਮੋਜੀ ਫੀਚਰ ਜੋੜਿਆ ਗਿਆ ਹੈ। ਇਸ ਤਹਿਤ ਇਮੋਜੀ ਦੇ ਆਪਸ਼ਨ ਵਿੱਚ ਡ੍ਰੈਗਨ, ਭਾਲੂ, ਸ਼ੇਰ ਵਰਗੇ ਜਾਨਵਰ ਵੀ ਨਜ਼ਰ ਆਉਣਗੇ। ਐਪਲ ਨੇ ਇਨ੍ਹਾਂ ਇਮੋਜੀ ਨੂੰ ਐਨੀਮੋਜੀ ਨਾਂਅ ਦਿੱਤਾ ਹੈ।

ਮਿਊਜ਼ਿਕ- ਆਈ.ਓ.ਐਸ. ਦੇ ਇਸ ਅਪਡੇਟ ਵਿੱਚ ਐੱਪਲ ਮਿਊਜ਼ਿਕ ਫੀਚਰ ਵਿੱਚ ਵੀ ਬਦਲਾਅ ਕੀਤਾ ਹੈ। ਹੁਣ ਐੱਪਲ ਮਿਉਜ਼ਿਕ ਤਹਿਤ ਵੀਡੀਓ ਨੂੰ ਵੀ ਸਟ੍ਰੀਮ ਕੀਤਾ ਜਾ ਸਕਦਾ ਹੈ।