ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਨੂੰ ਜਲਦ ਹੀ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਐਪਲ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਜਲਦ ਹੀ ਨਵੀਂ ਅਪਡੇਟ ਜਾਰੀ ਕਰਕੇ ਯੂਜਰਜ਼ ਨੂੰ ਇਸ ਸਮੱਸਿਆ ਤੋਂ ਨਿਜਾਤ ਦਵਾਏਗੀ।
ਐਪਲ ਦੇ ਸੀਈਓ ਟਿਮ ਕੁਕ ਨੇ ਕਿਹਾ ਹੈ ਕਿ ਉਹ ਜਲਦ ਹੀ ਆਈਫੋਨ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਨਵਾਂ ਫ਼ੀਚਰ ਲੈ ਕੇ ਆਉਣ ਵਾਲੇ ਹਨ। ਇਸ ਨਵੇਂ ਫ਼ੀਚਰ ਜ਼ਰੀਏ ਯੂਜਰਜ਼ ਆਈਫੋਨ ਨੂੰ ਸਲੋਅ ਹੋਣ ਤੋਂ ਬਚਾ ਸਕਣਗੇ। ਇਸ ਦੇ ਨਾਲ ਹੀ ਐਪਲ ਵੱਲੋਂ ਇਹ ਦੱਸਿਆ ਗਿਆ ਕਿ ਜਿੱਦਾਂ ਹੀ ਇਹ ਫ਼ੀਚਰ ਉਪਲੱਬਧ ਹੋਵੇਗਾ, ਓਦਾਂ ਹੀ ਆਈਫੋਨ ਦੀ ਵਰਤੋਂ ਕਰਨ ਵਾਲੇ ਲੋਕ ਆਪਣੇ ਫੋਨ ਨੂੰ ਪੁਰਾਣੇ ਅੰਦਾਜ਼ ਵਿੱਚ ਚਲਾ ਸਕਣਗੇ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦਾ ਫੋਨ ਦੁਬਾਰਾ ਤੋਂ ਤੇਜ਼ੀ ਨਾਲ ਕੰਮ ਕਰਨ ਲੱਗੇਗਾ।
ਕੁਝ ਮਹੀਨੇ ਪਹਿਲਾਂ ਐਪਲ ਨੇ ਆਪਣੀ ਨਵੀਂ ਆਪਰੇਟਿੰਗ ਜਾਰੀ ਕਰਦਿਆਂ ਆਈਓਐਸ 11 ਪੇਸ਼ ਕੀਤਾ ਸੀ। ਇਸ ਅਪਡੇਟ ਦਾ ਇਸਤਮਾਲ ਕਰ ਰਹੇ ਲੋਕਾਂ ਨੇ ਫੋਨ ਦੇ ਸਲੋਅ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਐਪਲ ਨੇ ਦੱਸਿਆ ਸੀ ਕਿ ਪੁਰਾਣੇ ਆਈਫੋਨ ਦੀ ਬੈਟਰੀ ਬਚਾਉਣ ਲਈ ਉਨ੍ਹਾਂ ਨੇ ਆਈਓਐਸ 11 ਵਿੱਚ ਫੋਨ ਨੂੰ ਸਲੋਅ ਕਰ ਦਿੱਤਾ ਹੈ।
ਆਪਣੇ ਇਸ ਬਿਆਨ ਤੋਂ ਬਾਅਦ ਐਪਲ ਗਾਹਕਾਂ ਦੇ ਨਿਸ਼ਾਨੇ 'ਤੇ ਆ ਗਈ ਸੀ। ਹਾਲਾਂਕਿ ਐਪਲ ਨੇ ਬੈਟਰੀ ਦੀ ਕੀਮਤ 29 ਡਾਲਰ ਕਰਦਿਆਂ ਹੋਇਆਂ ਆਪਣਾ ਬਚਾਅ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਉਹ ਜ਼ਿਆਦਾ ਕਾਰਗਰ ਨਹੀਂ ਰਹੀ।