ਸਾਨ ਫਰਾਂਸਿਸਕੋ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਸਾਲ 2016 ਵਿੱਚ ਹੋਈ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਰੂਸ ਦੇ ਦਖਲ ਦੇ ਮਾਮਲੇ ‘ਚ ਵੱਡਾ ਕਦਮ ਉਠਾਇਆ ਹੈ। ਇਸ ਸਾਈਟ ਨੇ ਰੂਸ ਸਮੱਰਥਕ ਇੰਟਰਨੈੱਟ ਰਿਸਰਚ ਏਜੰਸੀ (ਆਈ ਆਰ ਏ) ਨਾਲ ਜੁੜੇ ਹੋਏ 1,062 ਨਵੇਂ ਟਵਿੱਟਰ ਅਕਾਊਂਟ ਦੀ ਪਛਾਣ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਦੀ ਚੋਣ ਨੂੰ ਪ੍ਰਭਾਵਤ ਕਰਨ ਲਈ ਆਈ ਆਰ ਏ ਨਾਲ ਜੁੜੇ ਕੁੱਲ 3814 ਅਕਾਊਂਟਾਂ ਤੋਂ 175,993 ਟਵੀਟ ਕੀਤੇ ਗਏ ਸਨ। ਇਨ੍ਹਾਂ ਵਿੱਚ ਕਰੀਬ 8.4 ਫੀਸਦੀ ਟਵੀਟ ਅਮਰੀਕੀ ਚੋਣ ਨਾਲ ਸੰਬੰਧਤ ਸਨ। ਟਵਿੱਟਰ ਦੇ 677,775 ਯੂਜ਼ਰਾਂ ਨੇ ਰੂਸੀ ਹਮਾਇਤੀ ਅਕਾਊਂਟਾਂ ਨੂੰ ਜਾਂ ਫਾਲੋ ਕੀਤਾ ਜਾਂ ਇਨ੍ਹਾਂ ਅਕਾਊਂਟਾਂ ਤੋਂ ਕੀਤੇ ਗਏ ਟਵੀਟ ਨੂੰ ਲਾਈਕ ਅਤੇ ਰੀ-ਟਵੀਟ ਕੀਤਾ ਸੀ।
ਬੀਤੇ ਦਿਨ ਟਵਿੱਟਰ ਨੇ ਕਿਹਾ ਕਿ 2016 ਚੋਣਾਂ ਮੌਕੇ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਕਰੀਬ ਤੋਂ ਫਾਲੋ ਕਰ ਰਹੇ ਸਾਰੇ ਯੂਜ਼ਰਾਂ ਨੂੰ ਈ-ਮੇਲ ਰਾਹੀਂ ਨੋਟੀਫਿਕੇਸ਼ਨ ਭੇਜਦੇ ਹੋਏ ਚੌਕਸ ਕੀਤਾ ਗਿਆ ਹੈ। ਨਵੇਂ ਕੁਝ ਅਕਾਊਂਟ ਬਲਾਕ ਵੀ ਕਰ ਦਿੱਤੇ ਗਏ ਹਨ।
ਟਵਿੱਟਰ ਨੇ ਅਮਰੀਕੀ ਸੈਨੇਟ ਕਮੇਟੀ ਨੂੰ ਕਿਹਾ ਕਿ ਉਹ ਸਾਰੇ ਯੂਜ਼ਰਾਂ ਨੂੰ ਆਈ ਆਰ ਏ ਨਾਲ ਸੰਬੰਧਤ ਅਕਾਊਂਟ ਬਾਰੇ ਨਿੱਜੀ ਰੂਪ ਨਾਲ ਸੂਚਿਤ ਕਰੇਗਾ। ਟਵਿੱਟਰ ਦੀ ਅਮਰੀਕੀ ਪਬਲਿਕ ਪਾਲਿਸੀ ਦੇ ਡਾਇਰੈਕਟਰ ਕਾਰਲੋਸ ਮੋਂਜੇ ਸਮੇਤ ਫੇਸਬੁੱਕ ਅਤੇ ਯੂ-ਟਿਊਬ ਦੇ ਅਧਿਕਾਰੀਆਂ ਨੂੰ ਯੂ ਐੱਸ ਕਾਮਰਸ, ਸਾਇੰਸ ਐਂਡ ਟੈਕਨਾਲੋਜੀ ਕਮੇਟੀ ਨੂੰ ਕਿਹਾ ਕਿ ਟਵਿੱਟਰ ਨੇ ਅੱਤਵਾਦ ਸੰਬੰਧੀ ਕੰਟੈਂਟ ਦੇ ਖਿਲਾਫ ਵੀ ਛੇੜ ਰੱਖੀ ਹੈ।