ਨਵੀਂ ਦਿੱਲੀ: ਤੁਹਾਡਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਐਪਲ ਨੇ ਵੀਰਵਾਰ ਨੂੰ ਆਪਣੇ ਇਸ ਸਾਲ ਦੇ ਸਭ ਤੋਂ ਵੱਡੇ ਇਵੈਂਟ ਲਈ ਪ੍ਰੈਸ ਨੂੰ ਸੱਦੇ ਭੇਜਣੇ ਸ਼ੁਰੂ ਕਰ ਦਿੱਤਾ ਹੈ। 12 ਸਤੰਬਰ ਨੂੰ ਐਪਲ ਆਪਣੇ ਕੂਪਰਟਿਨੋ ਸਥਿਤ ਦਫ਼ਤਰ ਦੇ ਸਟੀਵ ਜਾਬਸ ਥਿਏਟਰ ਵਿੱਚ ਇਸ ਇਵੈਂਟ ਦਾ ਪ੍ਰਬੰਧ ਕਰੇਗਾ।
ਇਸ ਇਵੈਂਟ ਵਿੱਚ ਕੰਪਨੀ ਆਪਣਾ ਸਭ ਤੋਂ ਜ਼ਿਆਦਾ ਉਡੀਕਿਆ ਜਾ ਰਿਹਾ ਆਈਫ਼ੋਨ 8 ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਖਬਰ ਹੈ ਕਿ ਕੰਪਨੀ ਕੁੱਲ ਤਿੰਨ ਨਵੇਂ ਆਈਫ਼ੋਨ ਲਾਂਚ ਕਰ ਸਕਦੀ ਹੈ ਜਿਸ ਵਿੱਚ ਆਈਫ਼ੋਨ 8, ਆਈਫ਼ੋਨ 8 ਪਲੱਸ ਅਤੇ ਆਈਫ਼ੋਨ 7s ਸ਼ਾਮਿਲ ਹੋ ਸਕਦੇ ਹਨ। ਦੂਜੇ ਪ੍ਰੋਡਕਟਸ ਦੀ ਗੱਲ ਕਰੀਏ ਤਾਂ ਇਸ ਵਿੱਚ ਐਪਲ ਟੀ.ਵੀ. ਦਾ ਨਵਾਂ ਵਰਸ਼ਨ ਵੀ ਲਾਂਚ ਕੀਤਾ ਜਾ ਸਕਦਾ ਹੈ।
ਆਉਣ ਵਾਲਾ ਇਹ ਆਈਫ਼ੋਨ ਐਪਲ ਲਈ ਬੇਹੱਦ ਖ਼ਾਸ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਕੰਪਨੀ ਦੇ ਪਹਿਲੇ ਆਈਫ਼ੋਨ ਦੇ ਲਾਂਚ ਹੋਏ 10 ਸਾਲ ਪੂਰੇ ਹੋ ਰਹੇ ਹਨ ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਆਈਫ਼ੋਨ 8 ਇਨ੍ਹਾਂ ਵਿੱਚੋਂ ਸਭ ਤੋਂ ਵਧੀਆ ਹੋਵੇਗਾ।
ਰਿਪੋਰਟਸ ਦੇ ਮੁਤਾਬਕ ਆਉਣ ਵਾਲੇ ਆਈਫ਼ੋਨ 8 ਦੀ ਕੀਮਤ 999 ਡਾਲਰ ਹੋ ਸਕਦੀ ਹੈ, ਜੋ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫ਼ੋਨ ਹੋਵੇਗਾ।
ਰਿਪੋਰਟ ਮੁਤਾਬਕ ਇਸ ਫ਼ੋਨ ਦਾ ਆਪਰੇਟਿੰਗ ਸਿਸਟਮ iOS 11 ਅਪਡੇਟ ਨਾਲ ਆਵੇਗਾ ਜਿਸ ਨਾਲ ਸਿਰੀ ਹੋਰ ਜ਼ਿਆਦਾ smart ਯਾਨੀ ਤੇਜ਼ ਹੋ ਜਾਵੇਗਾ। ਇਸ ਦੇ Face Scanner ਬਾਰੇ ਲੋਕਾਂ ਵਿੱਚ ਕਾਫ਼ੀ ਉਤਸੁਕਤਾ ਹੈ।
ਪਿਛਲੀਆਂ ਲੀਕ ਹੋਈਆਂ ਖ਼ਬਰਾਂ ਮੁਤਾਬਕ ਇਸ ਫ਼ੋਨ ਵਿੱਚ 5.8 ਇੰਚ OLED ਗਲਾਸ ਵਾਲੀ ਸਕਰੀਨ ਹੋਵੇਗੀ। ਆਈਫ਼ੋਨ 8 ਐਪਲ ਦਾ ਅਜਿਹਾ ਪਹਿਲਾ ਫ਼ੋਨ ਹੋਵੇਗਾ ਜਿਸ ਵਿੱਚ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਹੋਵੇਗੀ ਤੇ ਨਾਲ ਹੀ 3D ਕੈਮਰਾ ਹੋਵੇਗਾ।
ਆਈਫ਼ੋਨ 8 ਵਿੱਚ ਐਪਲ ਇਨ-ਸਕ੍ਰੀਨ ਫਿੰਗਰਪ੍ਰਿੰਟ ਸੈਂਸਰ ਤਕਨੀਕ ਦੇਵੇਗੀ ਜਾਂ ਨਹੀਂ ਇਸ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਰਿਪੋਰਟ ਮੁਤਾਬਕ ਕਵਾਲਕਾਮ ਦੀ ਇਸ-ਸਕ੍ਰੀਨ ਫਿੰਗਰਪ੍ਰਿੰਟ ਤਕਨੀਕ ਦੀ ਸ਼ਿਪਿੰਗ ਵਿੱਚ ਦੇਰੀ ਹੋ ਸਕਦੀ ਹੈ। ਅਜਿਹੇ ਵਿੱਚ ਉਮੀਦ ਹੈ ਕਿ ਐਪਲ ਟਚ ਆਈ.ਡੀ. ਸੈਂਸਰ ਤਕਨੀਕ ਆਈਫ਼ੋਨ 8 ਵਿੱਚ ਨਹੀਂ ਦੇਵੇਗਾ।