ਨਵੀਂ ਦਿੱਲੀ: ਭਾਰਤ ਵਿੱਚ ਟੈਬਲੇਟ ਸੈਗਮੈਂਟ ਵਿੱਚ ਲੇਨੋਵੋ ਨੇ ਸੈਮਸੰਗ ਨੂੰ ਮਾਤ ਦੇ ਕੇ ਬਾਜ਼ਾਰ ਵਿੱਚ ਨੰਬਰ ਵਨ ਦੀ ਜਗ੍ਹਾ ਹਾਸਲ ਕਰ ਲਈ ਹੈ। ਸਾਲ 2017 ਦੀ ਦੂਜੀ ਤਿਮਾਹੀ ਵਿੱਚ ਕੰਪਨੀ ਦੀ ਬਾਜ਼ਾਰ ਵਿੱਚ ਹਿੱਸੇਦਾਰੀ 21.8 ਫ਼ੀਸਦੀ ਰਹੀ।
ਰਿਸਰਚ ਫਰਮ ਇੰਟਰਨੈਸ਼ਨਲ ਡੇਟਾ ਕਾਰਪੋਰੇਸ਼ਨ (ਆਈ.ਡੀ.ਸੀ.) ਦੀ ਰਿਪੋਰਟ ਮੁਤਾਬਕ ਲੇਨੋਵੋ ਦੇ ਟੈਬਲੇਟ ਵਿਕਰੀ ਵਿੱਚ 12.6 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਵਿੱਚ ਮੁੱਖ ਰੂਪ ਤੋਂ ਵਪਾਰਕ ਸੈਗਮੈਂਟ ਵਿੱਚ ਚੰਗੀ ਵਿਕਰੀ ਦਾ ਹੱਥ ਰਿਹਾ। ਲੇਨੋਵੋ ਦੀ ਟੈਬਲੇਟ ਵਿਕਰੀ ਦਾ ਤਕਰੀਬਨ 80 ਫ਼ੀਸਦੀ ਹਿੱਸਾ ਸਰਕਾਰ, ਵਿੱਦਿਅਕ ਅਦਾਰੇ ਤੇ ਵੱਡੇ ਉੱਦਮੀਆਂ ਵੱਲੋਂ ਕੀਤੀ ਗਈ ਖ਼ਰੀਦ ਦਾ ਹੈ।
ਆਈ.ਡੀ.ਸੀ. ਇੰਡਿਆ ਦੇ ਐਸੋਸੀਏਟ ਮਾਰਕਿਟ ਐਨਾਲਿਸਟ (ਕਲਾਇੰਟ ਡਿਵਾਇਸ) ਸੈਲਸੋ ਗੋਮਸ ਨੇ ਕਿਹਾ, “ਕਮਰਸ਼ੀਅਲ ਸੈਗਮੈਂਟ ਵਿੱਚ ਵਾਧੇ ਦਾ ਮੁੱਖ ਕਾਰਨ ਸਰਕਾਰ ਤੇ ਸਿੱਖਿਆ ਖੇਤਰ ਦੀ ਵਿੱਚ ਜਾਰੀ ਡਿਜੀਟਲ ਯੋਜਨਾਵਾਂ ਹਨ।” ਆਈ.ਡੀ.ਸੀ. ਨੇ ਇਹ ਰਿਪੋਰਟ ਕੈਲੰਡਰ ਸਾਲ ਦੇ ਆਧਾਰ 'ਤੇ ਤਿਆਰ ਕੀਤੀ ਹੈ। ਸੈਮਸੰਗ ਦੀ ਬਾਜ਼ਾਰ ਹਿੱਸੇਦਾਰੀ 20.6 ਫ਼ੀਸਦੀ ਰਹੀ ਤੇ ਇਹ ਤਿਲਕ ਕੇ ਦੂਜੇ ਸਥਾਨ 'ਤੇ ਆ ਗਈ।
ਆਈ.ਡੀ.ਸੀ. ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਦੇਸ਼ ਵਿੱਚ ਅਧਿਐਨ ਕੀਤੀ ਗਈ ਤਿਮਾਹੀ ਵਿੱਚ ਕੁੱਲ 7, 22, 000 ਟੈਬਲੇਟਸ ਦੀ ਵਿਕਰੀ ਹੋਈ, ਜਿਸ ਵਿੱਚ ਸਾਰੇ ਬ੍ਰਾਂਡਜ਼ ਦੇ ਟੈਬਲੇਟ ਸ਼ਾਮਲ ਸਨ। ਵਣਜ ਖੰਡ ਵਿੱਚ ਚੋਖੇ ਵਾਧੇ ਦੇ ਬਾਵਜੂਦ ਕੁੱਲ ਟੈਬਲੇਟ ਵਿਕਰੀ ਵਿੱਚ ਪਿਛਲੀ ਤਿਮਾਹੀ ਦੀ ਤੁਲਨਾ ਵਿੱਚ ਸਿਰਫ਼ 2.9 ਫ਼ੀਸਦੀ ਦਾ ਵਾਧਾ ਹੋਇਆ।