ਬੀਜਿੰਗ: ਚੀਨ ਵਿੱਚ ਆਈਫੋਨ ਦੇ ਨਵੇਂ ਮਾਡਲ XR ਦੀ ਸੇਲ ਘੱਟ ਹੋਣ ਉੱਥੋਂ ਦੇ ਸਮਾਰਟਫੋਨ ਵੇਚਣ ਵਾਲਿਆਂ ਇਸ ਦੀ ਕੀਮਤ 13,440 ਰੁਪਏ (192 ਡਾਲਰ) ਤਕ ਘਟਾ ਦਿੱਤੀ ਹੈ। ਚੀਨ ਦੇ ਵੱਡੇ ਰਿਟੇਲਰ ਸਨਿੰਗ ਨੇ 128 GB ਵਾਲੇ ਆਈਫੋਨ ਐਕਸਆਰ ਦੀ ਕੀਮਤ 72,520 ਰੁਪਏ (1,036 ਡਾਲਰ) ਤੋਂ ਘਟਾ ਤੇ 60,060 ਰੁਪਏ (858 ਡਾਲਰ) ਕਰ ਦਿੱਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੀਮਤ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਨਵੇਂ ਆਈਫੋਨ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ। ਸਥਾਨਕ ਕੰਪਨੀ ਹੁਆਵੇ ਦੇ ਸਮਾਰਟਫੋਨ ਦੇ ਮੁਕਾਬਲੇ ਆਈਫੋਨ ਕਾਫੀ ਮਹਿੰਗਾ ਹੈ ਤੇ ਇਸ ਵਿੱਚ ਇਨੋਵੇਟਿਵ ਫੀਚਰਾਂ ਵੀ ਨਹੀਂ ਹਨ।

ਅਮਰੀਕਾ ’ਚ ਆਈਫੋਨ XR ਚੀਨ ਮੁਕਾਬਲੇ 13 ਹਜ਼ਾਰ ਰੁਪਏ ਸਸਤਾ

ਚੀਨ ਵਿੱਚ ਆਨਲਾਈਨ ਵਿਕਰੇਤਾਵਾਂ ਨੇ ਵੀ ਆਈਫੋਨ XR ਦੀਆਂ ਕੀਮਤਾਂ ਵਿੱਚ ਕਮੀ ਕੀਤੀ ਹੈ। ਇੱਕ ਸੇਲਰ ਨੇ 256GB ਵਾਲੇ ਆਈਫੋਨ XS ਮੈਕਸ ਦਾ ਰੇਟ 1,628 ਤੋਂ ਘਟਾ ਕੇ 1,436 ਡਾਲਰ ਕਰ ਦਿੱਤਾ। ਇਸ ਦੇ ਬਾਵਜੂਦ ਇਹ ਅਮਰੀਕਾ ਦੇ ਮੁਕਾਬਲੇ ਚੀਨ ਵਿੱਚ ਮਹਿੰਗਾ ਹੈ। ਅਮਰੀਕਾ ਵਿੱਚ ਆਈਫੋਨ XS ਮੈਕਸ ਦੀ ਕੀਮਤ ਚੀਨ ਨਾਲੋਂ 13 ਹਜ਼ਾਰ ਰੁਪਏ ਘੱਟ, ਯਾਨੀ 1,249 ਡਾਲਰ ਹੈ।

ਰਿਸਕਚ ਫਰਮ ਕਾਊਂਟਰਪੁਆਇੰਟ ਦੀ ਰਪੋਰਟ ਮੁਤਾਬਕ ਸਾਲਾਨਾ ਆਧਾਰ ’ਤੇ ਨਵੰਬਰ 2018 ਵਿੱਚ ਆਈਫੋਨ ਦੀ ਵਿਕਰੀ ਘਟ ਗਈ ਸੀ। ਸਾਲ 2017 ਵਿੱਚ ਐਪਲ ਨੇ ਉਸ ਵੇਲੇ ਸਭ ਤੋਂ ਸਸਤਾ ਮਾਡਲ ਆਈਫੋਨ 8 ਲਾਂਚ ਕੀਤਾ ਸੀ। ਉਸ ਦੇ ਮੁਕਾਬਲੇ ਨਵੰਬਰ ਵਿੱਚ ਆਈਫੋਨ XR ਦੀ ਵਿਕਰੀ 5 ਫੀਸਦੀ ਘੱਟ ਰਹੀ।

ਪਿਛਲੇ ਦਿਨੀਂ ਐਪਲ ਦੇ ਸੀਈਓ ਟਿਮ ਕੁਕ ਨੇ ਵੀ ਕਿਹਾ ਸੀ ਕਿ ਚੀਨ ਵਿੱਚ ਨਵੇਂ ਆਈਫੋਨ ਦੀ ਵਿਕਰੀ ਉਮੀਦ ਮੁਤਾਬਕ ਨਹੀਂ ਹੋ ਰਹੀ। ਇਸ ਲਈ ਕੰਪਨੀ ਨੇ ਦਸੰਬਰ ਤਿਮਾਹੀ ਲਈ ਮਾਲੀਆ ਅਨੁਮਾਨ ਵਿੱਚ 5.5 ਫੀਸਦੀ ਦੀ ਕਮੀ ਕੀਤੀ ਸੀ। ਇਸ ਐਲਾਨ ਮਗਰੋਂ ਅਗਲੇ ਦਿਨ ਹੀ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਐਪਲ ਦਾ ਸ਼ੇਅਰ 10 ਫੀਸਦੀ ਡਿੱਗ ਗਿਆ ਸੀ।