ਨਵੀਂ ਦਿੱਲੀ: ਜੇਕਰ ਤੁਸੀਂ ਆਈਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਨਹੀਂ ਹੈ। ਐਪਲ ਨੇ ਆਪਣੇ ਆਈਫੋਨ ਦੀ ਕੀਮਤ ਵਿੱਚ 3.5 ਫੀਸਦੀ ਦਾ ਵਾਧਾ ਕੀਤਾ ਹੈ। ਵਧੀਆਂ ਕੀਮਤਾਂ iPhone SE ਤੋਂ ਇਲਾਵਾ ਸਾਰੇ ਮਾਡਲਾਂ 'ਤੇ ਲਾਗੂ ਹੋਣਗੀਆਂ ਕਿਉਂਕਿ iPhone SE ਨੂੰ ਕੰਪਨੀ ਭਾਰਤ ਵਿੱਚ ਹੀ ਬਣਾ ਰਹੀ ਹੈ।
ਦਰਅਸਲ ਹੁਣੇ ਭਾਰਤ ਸਰਕਾਰ ਨੇ ਮੋਬਾਈਲ ਫੋਨ, ਵੀਡੀਓ ਕੈਮਰਾ ਤੇ ਟੈਲੀਵਿਜ਼ਨ 'ਤੇ ਇੰਪੋਰਟ ਟੈਕਸ ਵਧਾਇਆ ਹੈ। ਸਰਕਾਰ ਨੇ ਮੋਬਾਈਲ ਫੋਨ 'ਤੇ ਲੱਗਣ ਵਾਲੇ ਇੰਪੋਰਟ ਟੈਕਸ ਵਿੱਚ 5 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਐਪਲ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਐਪਲ ਦੀਆਂ ਇਹ ਵਧੀਆਂ ਕੀਮਤਾਂ 18 ਦਸੰਬਰ ਤੋਂ ਲਾਗੂ ਹੋ ਜਾਣਗੀਆਂ। ਐਪਲ ਨੇ ਆਪਣੇ iPhone 6 ਦੀ ਕੀਮਤ ਵਿੱਚ ਸਭ ਤੋਂ ਜ਼ਿਆਦਾ 4.3 ਫੀਸਦੀ ਦਾ ਵਾਧਾ ਕੀਤਾ ਹੈ ਜਦਕਿ 256 ਜੀਬੀ ਵਾਲੇ iPhone 8 ਦੀ ਕੀਮਤ 3.1 ਫੀਸਦੀ ਵਧਾਈ ਹੈ। ਹੁਣ ਆਈਫੋਨ-6 ਦੀ ਕੀਮਤ 30,780 ਰੁਪਏ ਕਰ ਦਿੱਤੀ ਹੈ। ਪਹਿਲਾਂ ਇਹ 29,500 ਰੁਪਏ ਦਾ ਸੀ। ਐਪਲ ਦਾ ਫਲੈਗਸ਼ਿਪ ਫੋਨ iPhone X ਪਹਿਲਾਂ 89,000 ਰੁਪਏ ਦੀ ਥਾਂ 92,430 ਰੁਪਏ ਹੋਵੇਗਾ।
iPhone 8 ਦੀ ਕੀਮਤ 64,000 ਰੁਪਏ ਸੀ ਹੁਣ ਇਹ 66,120 ਰੁਪਏ ਦਾ ਹੋ ਗਿਆ ਹੈ। iPhone 8 Plus ਦੀ ਕੀਮਤ 73,000 ਰੁਪਏ ਸੀ ਹੁਣ ਇਹ 75,450 ਰੁਪਏ ਤੋਂ ਸ਼ੁਰੂ ਹੋਵੇਗਾ। iPhone 7 ਤੇ iPhone 7 Plus ਦੀਆਂ ਕੀਮਤਾਂ 50,810 ਰੁਪਏ ਤੇ 61,060 ਰੁਪਏ ਹੋਵੇਗੀ ਜਦਕਿ iPhone 6S ਤੇ iPhone 6s Plus ਦੀ ਕੀਮਤ 41,550 ਰੁਪਏ ਤੇ 50,740 ਰੁਪਏ ਤੋਂ ਸ਼ੁਰੂ ਹੋਵੇਗੀ।