ਚੰਡੀਗੜ੍ਹ: ਜਾਪਾਨ ਦੀ ਇੱਕ ਕੰਪਨੀ ਨੇ ਪਤਨੀਆਂ ਦਾ ਦਿਮਾਗ ਜਾਣਨ ਲਈ ਮੋਬਾਈਲ ਐਪ ਤਿਆਰ ਕੀਤੀ ਹੈ। ਇਸ ਐਪ ਦਾ ਮਕਸਦ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਮਾਤਾ-ਪਿਤਾ ਦੋਵਾਂ ਦੀ ਹਿੱਸੇਦਾਰੀ ਵਧਾਉਣਾ ਹੈ। ਐਪ ਦੇ ਪ੍ਰੋਮੋਸ਼ਨ ਲਈ ਵੈੱਬਸਾਈਟ ’ਤੇ ਪਤੀਆਂ ਨੂੰ ਅਜਿਹੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਲੱਗਿਆ ਕਿ ਇਹ ਕੰਪਨੀ ਮਹਿਲਾ ਵਿਰੋਧੀ ਹੈ। ਇਸ ਪਿੱਛੋਂ ਲੋਕਾਂ ਦੇ ਘਰਾਂ ਵਿੱਚ ਪਤੀ-ਪਤਨੀਆਂ ਦੇ ਝਗੜੇ ਹੋਣੇ ਸ਼ੁਰੂ ਹੋ ਗਏ।


ਜਾਪਾਨ ਦੀ ਮਠਿਆਈ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਇਜਾਕੀ ਗਿਲਕੋ ਨੇ ਹਾਲ ਹੀ ਵਿੱਚ ‘ਕੋਪੇ’ ਨਾਂ ਦੀ ਐਪ ਲਾਂਚ ਕੀਤੀ ਹੈ। ਇਸ ਵਿੱਚ ‘ਮਾਂ ਦੀਆਂ ਭਾਵਨਾਵਾਂ ਪਿਤਾ ਦੇ ਲਈ’ ਵਿਸ਼ੇ ਤੋਂ 8 ਸੰਭਾਵੀ ਪੈਟਰਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਪਤਨੀ ਨਾਰਾਜ਼ ਹੁੰਦੀ ਹੈ। ਇਸ ਦੇ ਬਾਅਦ ਉਨ੍ਹਾਂ ਨੂੰ ਪਤੀਆਂ ਲਈ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਸੀ।

ਕੰਪਨੀ ਦਾ ਦਾਅਵਾ ਹੈ ਕਿ ਜਦੋਂ ਕੋਈ ਮਹਿਲਾ ਕਹਿੰਦੀ ਹੈ ਕਿ ‘ਹੁਣ ਸਾਡੇ ਨਾਲ ਰਹਿਣ ਦਾ ਕੋਈ ਮਤਲਬ ਨਹੀਂ ਹੈ’ ਤਾਂ ਅਸਲ ਵਿੱਚ ਉਹ ਪੁੱਛਣਾ ਚਾਹੁੰਦੀਆਂ ਹਨ ਕਿ ‘ਤੂੰ ਮੇਰੇ ਬਾਰੇ ਕੀ ਸੋਚਦਾ ਹੈਂ’ ਇਸੇ ਤਰ੍ਹਾਂ ਜਦੋਂ ਪਤਨੀ ਕੋਈ ਕੰਮ ਕਰਦੀ ਹੋਈ ਕਹੇ ਕਿ ‘ਇਹ ਕਾਫੀ ਮੁਸ਼ਕਲ ਹੈ’ ਤਾਂ ਅਸਲ ਵਿੱਚ ਉਹ ਕਹਿਣਾ ਚਾਹੁੰਦੀਆਂ ਹਨ ਕਿ ‘ਮੈਂ ਜੋ ਕਰ ਰਹੀ ਹਾਂ, ਤੈਨੂੰ ਉਸ ਦੀ ਤਾਰੀਫ ਕਰਨੀ ਚਾਹੀਦੀ ਹੈ’। ਸੋਸ਼ਲ ਮੀਡੀਆ ’ਤੇ ਇਸ ਐਪ ਦੀ ਕਾਫੀ ਆਲੋਚਨਾ ਹੋਈ ਹੈ।

ਦਰਅਸਲ ਕੰਪਨੀ ਨੇ ਵੈਬਸਾਈਟ ’ਤੇ ਤਰਕ ਦਿੱਤਾ ਸੀ ਕਿ ਮਹਿਲਾ ਤੇ ਪੁਰਸ਼ ਵਿਚਾਲੇ ਨੋਕ-ਝੋਕ ਇਸ ਲਈ ਹੁੰਦੀ ਹੈ ਕਿਉਂਕਿ ਸੰਰਚਨਾ, ਸਰਕਟ ਤੇ ਸਿਗਨਲ ਦੇ ਲਿਹਾਜ਼ ਨਲਾ ਉਨ੍ਹਾਂ ਦਾ ਦਿਮਾਗ ਵੱਖਰਾ ਹੁੰਦਾ ਹੈ। ਮਹਿਲਾ ਤੇ ਪੁਰਸ਼ ਦੋਵਾਂ ਨੂੰ ਭਾਵੇਂ ਇੱਕੋ-ਜਿਹੀ ਜਾਣਕਾਰੀ ਮਿਲੇ, ਪਰ ਉਸ ਜਾਣਕਾਰੀ ’ਤੇ ਦੋਵਾਂ ਦੀ ਪ੍ਰਤੀਕਿਰਿਆ ਵੱਖੋ-ਵੱਖਰੀ ਹੁੰਦੀ ਹੈ।

ਪਤੀ-ਪਤਨੀਆਂ ਵਿਚਾਲੇ ਵਿਵਾਦ ਵਧਦਾ ਵੇਖ ਕੰਪਨੀ ਨੇ ਨਾ ਸਿਰਫ ਸੁਝਾਅ ਹਟਾ ਦਿੱਤਾ, ਬਲਕਿ ਇਹ ਕਹਿ ਕੇ ਮੁਆਫ਼ੀ ਵੀ ਮੰਗੀ ਕਿ ਉਹ ਆਪਣੇ ਗਾਹਕਾਂ ਦੇ ਸੁਝਾਵਾਂ ਨੂੰ ਦਿਲੋਂ ਸਵੀਕਾਰ ਕਰਦੇ ਹਨ। ਇਸ ਪਿੱਛੋਂ ਕੰਪਨੀ ਨੇ ਵੈਬਸਾਈਟ ’ਤੇ ਕੁਝ ਸੈਕਸ਼ਨਾਂ ਵਿੱਚ ਬਦਲਾਅ ਵੀ ਕੀਤੇ।