ਨਵੀਂ ਦਿੱਲੀ : ਰਿਲਾਇੰਸ ਜੀਓ ਨੇ ਇੱਕ ਮਹੀਨੇ ਵਿੱਚ 1.6 ਕਰੋੜ ਗ੍ਰਾਹਕ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਲਾਂਚ ਤੋਂ ਬਾਅਦ ਸਿਰਫ ਇੱਕ ਮਹੀਨੇ ਵਿੱਚ ਹੁਣ ਤੱਕ ਕਿਸੇ ਵੀ ਸੰਚਾਰ ਕੰਪਨੀ ਨੇ ਇੰਨੇ ਗ੍ਰਾਹਕ ਹਾਸਲ ਕਰਨ ਦਾ ਰਿਕਾਰਡ ਨਹੀਂ ਬਣਾਇਆ। ਜੀਓ ਦਾ ਦਾਅਵਾ ਹੈ ਕਿ ਉਹ ਦੁਨੀਆ ਵਿੱਚ ਸਭ ਤੋਂ ਸਸਤਾ ਇੰਟਰਨੈੱਟ ਮੁਹੱਈਆ ਕਰਵਾ ਰਹੀ ਹੈ।
ਰਿਲਾਇੰਸ ਨੇ ਜੀਓ 5 ਸਤੰਬਰ 2016 ਨੂੰ ਲਾਂਚ ਕੀਤਾ ਸੀ। ਕੰਪਨੀ ਅਨੁਸਾਰ ਲਾਂਚ ਦੇ ਪਹਿਲੇ 26 ਦਿਨਾਂ ਵਿੱਚ ਉਸ ਨੇ 1.6 ਕਰੋੜ ਤੋਂ ਜ਼ਿਆਦਾ ਗ੍ਰਾਹਕ ਹਾਸਲ ਕੀਤੇ। ਕੰਪਨੀ ਅਨੁਸਾਰ ਇਸ ਕਾਮਯਾਬੀ ਉੱਤੇ ਉਹ ਖ਼ੁਸ਼ ਹੈ ਅਤੇ ਉਹਨਾਂ ਦੀ ਯੋਜਨਾ ਹਰ ਭਾਰਤੀ ਕੋਲ ਇੰਟਰਨੈੱਟ ਮੁਹਈਆ ਕਰਵਾਉਣਾ ਹੈ।
ਯਾਦ ਰਹੇ ਕਿ ਰਿਲਾਇੰਸ ਦਾ ਫ਼ਿਲਹਾਲ 'ਵੈੱਲਕਮ ਆਫ਼ਰ' ਚੱਲ ਰਿਹਾ ਹੈ ਜਿਸ ਦੇ ਤਹਿਤ ਦਸੰਬਰ ਤੱਕ ਜੀਓ ਦੀਆਂ ਸਾਰੀਆਂ ਸੇਵਾਵਾਂ ਬਿਲਕੁਲ ਮੁਫ਼ਤ ਹਨ। ਕੰਪਨੀ ਨੇ ਹੁਣੇ ਲਾਂਚ ਹੋਏ ਆਈ ਫ਼ੋਨ 7 ਦੇ ਗ੍ਰਾਹਕਾਂ ਨੂੰ ਦਸੰਬਰ 2017 ਤੱਕ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਦੇਣ ਦੇ ਐਲਾਨ ਕੀਤਾ ਹੈ। ਕੰਪਨੀ ਦਾ ਫ਼ਿਲਹਾਲ 10 ਕਰੋੜ ਗ੍ਰਾਹਕ ਬਣਾਉਣ ਦਾ ਟੀਚਾ ਹੈ। ਕੰਪਨੀ ਦਾ ਕਹਿਣਾ ਹੈ ਕਿ 3100 ਸਹਿਰਾਂ ਅਤੇ ਕਸਬਿਆਂ ਵਿੱਚ ਜੀਓ ਸੇਵਾਵਾਂ ਪਹੁੰਚ ਰਹੀਆਂ ਹਨ।