ਲੰਡਨ: ਟੈਲੀਕੌਮ ਖੇਤਰ ਵਿੱਚ ਡਾਟਾ ਕ੍ਰਾਂਤੀ ਲਿਆਉਣ ਵਾਲੀ ਕੰਪਨੀ ਰਿਲਾਇੰਸ ਜੀਓ ਬਾਰੇ ਦਿਲਚਸਪ ਖੁਲਾਸਾ ਹੋਇਆ ਹੈ। ਜੀਓ ਦੀ ਸ਼ੁਰੂਆਤ ਕਰਨ ਦਾ ਆਇਡੀਆ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਨੇ ਦਿੱਤਾ ਸੀ। ਇਸ ਦੀ ਪੁਸ਼ਟੀ ਕਰਦਿਆਂ ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਇਸ ਦਾ ਬੀਜ ਉਨ੍ਹਾਂ ਦੀ ਧੀ ਈਸ਼ਾ ਨੇ ਸਾਲ 2011 ਵਿੱਚ ਬੀਜਿਆ ਸੀ।
ਅੰਬਾਨੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਧੀ ਨੇ ਇਹ ਵਿਚਾਰ ਉਨ੍ਹਾਂ ਨੂੰ ਸੁਝਾਇਆ ਤਾਂ ਉਹ ਯੇਲ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤੇ ਛੁੱਟੀਆਂ ਕੱਟਣ ਲਈ ਘਰ ਆਈ ਹੋਈ ਸੀ। ਅੰਬਾਨੀ ਨੇ ਇਹ ਖੁਲਾਸਾ ਬੀਤੀ ਲੰਡਨ ਵਿੱਚ ਕਾਰੋਬਾਰੀ ਐਵਾਰਡਜ਼ ਲਈ ਰੱਖੇ ਸਮਾਗਮ ਦੌਰਾਨ ਕੀਤਾ। ਰਿਲਾਇੰਸ ਇੰਡਸਟਰੀਜ਼ ਨੂੰ ਇਸ ਮੌਕੇ ‘ਬਦਲਾਅ ਦੇ ਝੰਡਾਬਰਦਾਰ’ ਦੇ ਐਵਾਰਡ ਨਾਲ ਨਿਵਾਜਿਆ ਗਿਆ।
ਕਾਬਲੇਗੌਰ ਹੈ ਕਿ ਵਿਸ਼ਵ ਭਰ ਦੇ ਧਨਕੁਬੇਰਾਂ ’ਚੋਂ ਇੱਕ ਮੁਕੇਸ਼ ਅੰਬਾਨੀ ਦੀ ਟੈਲੀਕਾਮ ਕੰਪਨੀ ਜੀਓ ਪਿਛਲੇ ਦੋ ਸਾਲਾਂ ਵਿੱਚ ਆਲਮੀ ਪੱਧਰ ’ਤੇ ਮੋਬਾਈਲ ਬਰਾਡਬੈਂਡ ਡੇਟਾ ਦੀ ਖਪਤ ਵਿੱਚ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਬਣ ਕੇ ਉਭਰੀ ਹੈ। ਜੀਓ ਨੇ ਭਾਰਤ ਵਿੱਚ ਦੂਜੀਆਂ ਟੈਲੀਕਾਮ ਕੰਪਨੀਆਂ ਨੂੰ ਚੰਗਾ ਮਾਂਝਾ ਫੇਰਿਆ ਹੈ।