ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਨੇ ਵੱਡਾ ਐਲਾਨ ਕੀਤਾ ਹੈ। ਇਸ ਨਾਲ ਗਾਹਕਾਂ ਨੂੰ ਨੈੱਟਵਰਕ ਦੀ ਕੋਈ ਸਮੱਸਿਆ ਨਹੀਂ ਆਏਗੀ। ਕੰਪਨੀ ਨੇ ਕਿਹਾ ਹੈ ਕਿ ਅਗਲੇ 6 ਮਹੀਨਿਆਂ ਵਿੱਚ ਤਕਰੀਬਨ 45,000 ਨਵੇਂ ਮੋਬਾਈਲ ਟਾਵਰ ਲਾਏ ਜਾਣਗੇ। ਅਜਿਹਾ ਕਰਕੇ ਕੰਪਨੀ ਆਪਣੇ 4G ਨੈੱਟਵਰਕ ਨੂੰ ਮਜ਼ਬੂਤ ਕਰੇਗੀ ਤਾਂ ਜੋ ਗਾਹਕਾਂ ਨੂੰ ਬਿਹਤਰ ਸਪੀਡ ਮੁਹੱਈਆ ਕਰਵਾਈ ਜਾ ਸਕੇ। ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸ ਕਰਕੇ ਕੰਪਨੀ ਗਾਹਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣਾ ਚਾਹੁੰਦੀ। ਇਸ ਐਲਾਨ ਤੋਂ ਬਾਅਦ ਕੰਪਨੀ ਦੇਸ਼ ਦੇ ਤਕਰੀਬਨ 18,000 ਸ਼ਹਿਰਾਂ ਦੇ ਨਾਲ-ਨਾਲ ਦੋ ਲੱਖ ਪਿੰਡਾਂ ਵਿੱਚ ਵੀ ਮੋਬਾਈਲ ਟਾਵਰ ਲਾਏਗੀ। ਰਿਲਾਇੰਸ ਜੀਓ ਨੇ ਕਿਹਾ ਹੈ ਕਿ ਗਾਹਕਾਂ ਨੂੰ ਬਿਹਤਰ ਸੇਵਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਅਜੇ ਹਾਲ ਹੀ ਵਿੱਚ ਟੈਲੀਕਾਮ ਮੰਤਰੀ ਨਾਲ ਟੈਲੀਕਾਮ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਹੋਈ ਸੀ। ਇਸ ਵਿੱਚ ਕੰਪਨੀ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਜਲਦ ਤੋਂ ਜਲਦ ਨੈੱਟਵਰਕ ਦੀ ਸਮੱਸਿਆ ਵੱਲ ਧਿਆ ਦੇਵੇ।