ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ ਤੋਂ ਬਾਅਦ ਜੀਓ ਨੇ ਹੁਣ ਹੌਲੀ-ਹੌਲੀ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। 399 ਰੁਪਏ ਦੇ ਪਲਾਨ ਦੀ ਕੀਮਤ 459 ਰੁਪਏ ਕਰਨ ਤੋਂ ਬਾਅਦ ਹੁਣ 309 ਵਾਲਾ ਪਲਾਨ ਪ੍ਰੀਪੇਡ ਲਈ ਬੰਦ ਕਰ ਦਿੱਤਾ ਗਿਆ ਹੈ। ਪੋਸਟਪੇਡ ਗਾਹਕਾਂ ਲਈ ਇਸ ਦੀ ਵੈਲੀਡਿਟੀ ਵੀ ਅੱਧੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਪ੍ਰੀਪੇਡ ਯੂਜ਼ਰ ਨੂੰ 56 ਦਿਨਾਂ ਤੱਕ ਰੋਜ਼ਾਨਾ ਇੱਕ ਜੀਬੀ ਡਾਟਾ ਮਿਲਦਾ ਰਵੇਗਾ। ਹੁਣ ਪ੍ਰੀਪੇਡ ਯੂਜ਼ਰ ਲਈ ਸਭ ਤੋਂ ਸਸਤਾ ਪਲਾਨ 309 ਰੁਪਏ ਦੀ ਥਾਂ 399 ਰੁਪਏ ਹੈ। ਇਸ 'ਚ ਰੋਜ਼ਾਨਾ ਇੱਕ ਜੀਬੀ ਡਾਟਾ ਹੀ ਮਿਲੇਗਾ। ਇਹ ਪੁਰਾਣੇ ਪਲਾਨ ਤੋਂ 30 ਫੀਸਦੀ ਮਹਿੰਗਾ ਹੋ ਗਿਆ ਹੈ।
ਜੀਓ ਨੇ ਰੋਜ਼ਾਨਾ ਇਕ ਜੀਬੀ ਦੀ ਲਿਮਟ ਖਤਮ ਹੋਣ ਤੋਂ ਬਾਅਦ ਮਿਲਣ ਵਾਲੀ ਇੰਟਰਨੈਟ ਦੀ ਸਪੀਡ ਨੂੰ ਵੀ ਅੱਧਾ ਕਰ ਦਿੱਤਾ ਹੈ। ਪਹਿਲੇ 128 ਕੇਬੀ ਦੀ ਸਪੀਡ ਸੀ, ਹੁਣ ਉਹ 64 ਕੇਬੀ ਹੋਵੇਗੀ। ਪਿਛਲੇ ਹਫਤੇ ਕੰਪਨੀ ਨੇ ਦਿਵਾਲੀ ਕੈਸ਼ਬੈਕ ਆਫਰ ਦਾ ਐਲਾਨ ਕਰਦੇ ਹੋਏ ਟੈਰਿਫ 'ਚ ਰਿਵੀਜ਼ਨ ਦੀ ਗੱਲ ਆਖੀ ਸੀ।
ਪੋਸਟਪੇਡ ਯੂਜ਼ਰ ਨੂੰ ਕੰਪਨੀ ਨੇ ਵੱਡਾ ਝਟਕਾ ਦਿੰਦੇ ਹੋਏ ਵੈਲਿਡਿਟੀ ਨੂੰ ਸਿਰਫ ਇਕ ਬਿਲਿੰਗ ਸਾਈਕਲ (30 ਦਿਨ) ਤੱਕ ਹੀ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਇਸ ਪਲਾਨ 'ਚ ਯੂਜ਼ਰ ਨੂੰ 2 ਮਹੀਨੇ ਲਈ 20 ਜੀਬੀ ਹਾਈ ਸਪੀਡ ਡਾਟਾ ਮਿਲਦਾ ਸੀ। ਇਸ ਤੋਂ ਇਲਾਵਾ ਅਣਲਿਮਿਟਿਡ ਕਾਲਿੰਗ ਤੇ ਮੈਸੇਜ ਦੀ ਵੀ ਸੁਵਿਧਾ ਸੀ। ਇਸ ਤੋਂ ਇਲਾਵਾ ਰੋਜ਼ ਦੀ ਲਿਮਟ ਖਤਮ ਹੋਣ ਤੋਂ ਬਾਅਦ ਇੰਟਰਨੈਟ ਵੀ ਅੱਧੀ ਸਪੀਡ ਨਾਲ ਮਿਲੇਗਾ।