ਮੁੰਬਈ: ਦੇਸ਼ 'ਚ ਨੋਟਬੰਦੀ ਤੋਂ ਬਾਅਦ ਹੁਣ ਲੋਕ ਡਿਜੀਟਲ ਲੈਣ-ਦੇਣ ਵੱਲ ਵਧ ਰਹੇ ਹਨ। ਅਜਿਹੇ 'ਚ Paytm ਵਰਗੇ ਐਪ ਕਾਫੀ ਲਾਹੇਵੰਦ ਸਾਬਤ ਹੋ ਰਹੇ ਹਨ। ਦੇਸ਼ ਦੀ ਜਨਤਾ ਦੇ ਡਿਜੀਟਲ ਵੱਲ ਵਧ ਰਹੇ ਕਦਮਾਂ ਨੂੰ ਦੇਖਦਿਆਂ ਰਿਲਾਇੰਸ ਇੰਡਸਟਰੀਜ਼ ਅਗਲੇ ਹਫਤੇ ਵਪਾਰੀ ਵਰਗ ਦੇ ਫਾਇਦੇ ਲਈ ਜਿਓ ਮਨੀ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਬਾਰੇ ਐਲਾਨ ਕਰ ਦਿੱਤਾ ਹੈ।
ਕੰਪਨੀ ਦੇ ਨਵੀਂ ਮੁੰਬਈ ਸਥਿਤ ਦਫਤਰ 'ਚ ਸ਼ੇਅਰ ਹੋਲਡਰਾਂ ਨੂੰ ਸੰਬੋਧਤ ਕਰਦਿਆਂ ਕੰਪਨੀ ਦੇ ਮੁਖੀ ਤੇ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ, "ਵਪਾਰੀਆਂ, ਖਾਸ ਤੌਰ ਤੇ ਛੋਟੇ ਵਪਾਰੀਆਂ ਨੂੰ ਡਿਜੀਟਲ ਭੁਗਤਾਨ ਦੇ ਕਾਬਲ ਬਣਾਉਣ ਲਈ ਜਿਓ ਡਿਜੀਟਲ ਲੈਣ-ਦੇਣ ਦੇ ਮੁੱਦੇ 'ਤੇ ਕੰਮ ਕਰ ਰਹੀ ਹੈ। ਇਸ ਦੇ ਤਹਿਤ 5 ਦਸੰਬਰ ਤੋਂ ਸਾਰੇ ਵਪਾਰੀ ਜਿਓ ਮਨੀ ਮਰਚੇਂਟ ਏਪਲੀਕੇਸ਼ਨ ਡਾਊਨਲੋਡ ਕਰ ਸਕਣਗੇ।"

ਅੰਬਾਨੀ ਨੇ ਕਿਹਾ ਕਿ ਇਸ ਐਪ ਦੀ ਮਦਦ ਨਾਲ ਹਰ ਤਰਾਂ ਦਾ ਡਿਜੀਟਲ ਲੈਣ-ਦੇਣ ਕੀਤਾ ਜਾ ਸਕੇਗਾ। ਚਾਹੇ ਉਹ ਮੰਡੀ ਹੋਵੇ, ਛੋਟੀਆਂ ਦੁਕਾਨਾਂ ਹੋਣ, ਰੈਸਟੋਰੈਂਟ ਹੋਣ, ਰੇਲਵੇ ਟਿਕਟ ਕਾਉਂਟਰ ਜਾਂ ਫਿਰ ਬੱਸ ਟਿਕਟ ਹੋਵੇ। ਇਸ ਐਪ ਦੀ ਮਦਦ ਨਾਲ ਇੱਕ ਵਿਅਕਤੀ ਦੂਸਰੇ ਨੂੰ ਪੈਸੇ ਭੇਜ ਸਕੇਗਾ। ਇਸ ਦੇ ਤਹਿਤ ਕੰਪਨੀ 4 ਲੱਖ ਪਿੰਡਾਂ ਤੇ 17000 ਦੇ ਕਰੀਬ ਸ਼ਹਿਰਾਂ ਦੇ ਕਰੀਬ ਇੱਕ ਕਰੋੜ ਛੋਟੇ ਵਪਾਰੀਆਂ ਨੂੰ ਆਪਣੇ ਨਾਲ ਜੋੜਨ ਦਾ ਟੀਚਾ ਲੈ ਕੇ ਚੱਲੀ ਹੈ।