ਲੰਡਨ : ਬਰਤਾਨੀਆ ਦੀ ਟੈਲੀਕਾਮ ਕੰਪਨੀ ਵੋਡਾਫੋਨ ਲਈ ਰਿਲਾਇੰਸ ਜਿਓ ਦੀ ਐਂਟਰੀ ਭਾਰੀ ਪੈ ਰਹੀ ਹੈ। ਸਤੰਬਰ 'ਚ ਸਮਾਪਤ ਪਹਿਲੀ ਛਿਮਾਹੀ 'ਚ ਬਰਤਾਨਵੀ ਕੰਪਨੀ ਦਾ ਨੁਕਸਾਨ ਵਧ ਕੇ ਦੁੱਗਣਾ ਹੋ ਗਿਆ। ਇਹ ਪੰਜ ਅਰਬ ਯੂਰੋ ਭਾਵ ਲਗਪਗ 37,382 ਕਰੋੜ ਰੁਪਏ ਰਿਹਾ। ਸਖ਼ਤ ਮੁਕਾਬਲੇਬਾਜ਼ੀ ਦੀ ਵਜ੍ਹਾ ਨਾਲ ਭਾਰਤੀ ਇਕਾਈ ਦੀਆਂ ਗ਼ੈਰ-ਨਕਦੀ ਜਾਇਦਾਦਾਂ ਨੂੰ ਨੁਕਸਾਨ ਹੋਇਆ ਹੈ। ਇਹ ਘਾਟਾ ਵਧਣ ਦਾ ਕਾਰਨ ਰਿਹਾ। ਬੀਤੇ ਸਾਲ ਦੀ ਇਸ ਮਿਆਦ 'ਚ ਵੋਡਾਫੋਨ ਨੂੰ 2.34 ਅਰਬ ਯੂਰੋ ਦਾ ਨੁਕਸਾਨ ਹੋਇਆ ਸੀ। ਨਾ-ਮਾਫਕ ਸਥਿਤੀਆਂ ਕਾਰਨ ਕੰਪਨੀ ਦੇ ਸ਼ੇਅਰ ਬਾਜ਼ਾਰ 'ਚ ਆਉਣ ਦੇ ਫ਼ੈਸਲਾ ਨੂੰ ਵੀ ਟਾਲ ਦਿੱਤਾ ਹੈ। ਰਿਲਾਇੰਸ ਜਿਓ ਦਸੰਬਰ ਤਕ ਅਸੀਮਤ 4ਜੀ ਮੋਬਾਈਲ ਬ੍ਰਾਡਬੈਂਡ ਸੇਵਾਵਾਂ ਦੀ ਪੇਸ਼ਕਸ਼ ਮੁਫਤ ਕਰ ਰਹੀ ਹੈ। ਉਹ ਉਮਰ ਭਰ ਅਸੀਮਤ ਫਰੀ ਵਾਇਸ ਅਤੇ ਰੋਮਿੰਗ ਸੇਵਾ ਦੇਵੇਗੀ। ਭਾਰਤ ਦੇ ਟੈਲੀਕਾਮ ਖੇਤਰ 'ਚ ਤਿੰਨ ਵੱਡੇ ਖ਼ਿਡਾਰੀਆਂ 'ਚ ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਸੈਲੂਲਰ ਸ਼ਾਮਿਲ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੀ ਕੰਪਨੀ ਜਿਓ ਨੇ ਇਨ੍ਹਾਂ ਨੂੰ ਸਖ਼ਤ ਚੁਣੌਤੀ ਦਿੱਤੀ ਹੈ। ਵੋਡਾਫੋਨ ਗਰੁੱਪ ਦਾ ਆਪ੍ਰੇਟਿੰਗ ਲਾਸ 4.7 ਅਰਬ ਯੂਰੋ ਰਿਹਾ। ਜਦਕਿ ਬੀਤੇ ਸਾਲ ਦੀ ਅਪ੍ਰੈੱਲ-ਸਤੰਬਰ ਮਿਆਦ ਦੌਰਾਨ ਉਸ ਨੂੰ 1.1 ਅਰਬ ਯੂਰੋ ਦਾ ਆਪ੍ਰੇਟਿੰਗ ਪ੍ਰਾਫਿਟ ਹੋਇਆ ਸੀ।